ਭਾਰਤੀ ਫ਼ੌਜ 'ਚ ਵੱਡੀ ਤਬਦੀਲੀ, ਅਧਿਕਾਰੀਆਂ ਦੀ ਵਰਦੀ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ

Tuesday, May 09, 2023 - 03:37 PM (IST)

ਭਾਰਤੀ ਫ਼ੌਜ 'ਚ ਵੱਡੀ ਤਬਦੀਲੀ, ਅਧਿਕਾਰੀਆਂ ਦੀ ਵਰਦੀ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ

ਨਵੀਂ ਦਿੱਲੀ (ਵਾਰਤਾ)- ਵੱਖ-ਵੱਖ ਪੱਧਰ 'ਤੇ ਸੁਧਾਰਾਂ ਦੀ ਦਿਸ਼ਾ 'ਚ ਲਗਾਤਾਰ ਅੱਗੇ ਵਧ ਰਹੀ ਹੈ ਫ਼ੌਜ ਨੇ ਇਕ ਹੋਰ ਮਹੱਤਵਪੂਰਨ ਅਤੇ ਵੱਡਾ ਫ਼ੈਸਲਾ ਲੈਂਦੇ ਹੋਏ ਕਿਹਾ ਹੈ ਕਿ ਉਸ ਦੇ ਬ੍ਰਿਗੇਡੀਅਰ ਅਤੇ ਉਨ੍ਹਾਂ ਤੋਂ ਉੱਪਰ ਦੇ ਰੈਂਕ ਦੇ ਸਾਰੇ ਅਧਿਕਾਰੀਆਂ ਦੀ ਵਰਦੀ ਇਕ ਸਮਾਨ ਰਹੇਗੀ, ਭਾਵੇਂ ਉਹ ਕਿਸੇ ਵੀ ਰੈਜੀਮੈਂਟ ਤੋਂ ਹੋਵੇ। ਸੂਤਰਾਂ ਅਨੁਸਾਰ ਪਿਛਲੇ ਮਹੀਨੇ ਸੰਪੰਨ  ਹੋਏ ਫ਼ੌਜ ਦੇ ਸੀਨੀਅਰ ਕਮਾਂਡਰਾਂ ਦੇ ਸੰਮੇਲਨ 'ਚ ਕਾਫ਼ੀ ਵਿਚਾਰ-ਵਟਾਂਦਰੇ ਅਤੇ ਸਾਰੇ ਪੱਖਧਾਰਕਾਂ ਨਾਲ ਵਿਸਥਾਰ ਨਾਲ ਗੱਲਬਾਤ ਦੇ ਆਧਾਰ 'ਤੇ ਇਹ ਫ਼ੈਸਲਾ ਲਿਆ ਗਿਆ। ਨਵਾਂ ਨਿਯਮ ਆਉਣ ਵਾਲੀ ਇਕ ਅਗਸਤ ਤੋਂ ਲਾਗੂ ਹੋਵੇਗਾ। ਹਾਲਾਂਕਿ ਸੂਤਰਾਂ ਨੇ ਸਾਫ਼ ਕੀਤਾ ਹੈ ਕਿ ਇਹ ਤਬਦੀਲੀ ਸਿਰਫ਼ ਬ੍ਰਿਗੇਡੀਅਰ ਅਤੇ ਉਸ ਤੋਂ ਉੱਪਰ ਦੇ ਅਧਿਕਾਰੀਆਂ ਦੇ ਮਾਮਲੇ 'ਚ ਲਿਆ ਗਿਆ ਹੈ ਅਤੇ ਕਰਨਲ ਅੇ ਉਸ ਤੋਂ ਹੇਠਾਂ ਦੇ ਰੈਂਕਾਂ ਦੀ ਵਰਦੀ ਪਹਿਲੇ ਦੀ ਤਰ੍ਹਾਂ ਹੀ ਰੈਜੀਮੈਂਟਾਂ ਦੇ ਅਨੁਰੂਪ ਵੱਖ-ਵੱਖ ਹੀ ਰਹੇਗੀ। ਸੂਤਰਾਂ ਨੇ ਕਿਹਾ ਕਿ ਫ਼ੌਜ 'ਚ ਉੱਚ ਅਗਵਾਈ 'ਚ ਰੈਜੀਮੈਂਟ ਦੇ ਪੱਧਰ ਤੋਂ ਉੱਪਰ ਉੱਠ ਕੇ ਸਮਾਨ ਪਛਾਣ ਅਤੇ ਦ੍ਰਿਸ਼ਟੀਕੋਣ ਨੂੰ ਉਤਸ਼ਾਹ ਦੇਣ ਅਤੇ ਇਸ ਨੂੰ ਮਜ਼ਬੂਤ ਬਣਾਉਣ ਲਈ ਫ਼ੌਜ ਨੇ ਬ੍ਰਿਗੇਡੀਅਰ ਅਤੇ ਉਸ ਤੋਂ ਉੱਪਰ ਦੇ ਰੈਂਕਾਂ ਲਈ ਵਰਦੀ ਨੂੰ ਸਮਾਨ ਰੱਖਣ ਦਾ ਫ਼ੈਸਲਾ ਲਿਆ ਹੈ ਭਾਵੇਂ ਹੀ ਕਿਸੇ ਵੀ ਅਧਿਕਾਰੀ ਦੀ ਨਿਯੁਕਤੀ ਕਿਸੇ ਵੀ ਕੈਡਰ 'ਚ ਅਤੇ ਰੈਜੀਮੈਂਟ 'ਚ ਹੋਈ ਹੋਵੇ। ਇਸ ਫ਼ੈਸਲੇ ਦੇ ਲਾਗੂ ਹੋਣ ਤੋਂ ਬਾਅਦ ਬ੍ਰਿਗੇਡੀਅਰ ਅਤੇ ਉਸ ਤੋਂ ਉੱਪਰ ਰੈਂਕ ਦੇ ਅਧਿਕਾਰੀ ਰੈਜੀਮੈਂਟ ਦੇ ਅਨੁਰੂਪ ਵੱਖ-ਵੱਖ ਕੈਪ, ਬੈਲਟ, ਬੂਟ, ਸ਼ੋਲਡਰ ਬੈਜ ਅਤੇ ਜਾਰਜਟ ਪੈਚ ਨਹੀਂ ਪਹਿਨਣਗੇ। ਇਨ੍ਹਾਂ ਸਾਰੇ ਚੀਜ਼ਾਂ ਦਾ ਮਿਆਰੀਕਰਨ ਕਰ ਕੇ ਇਨ੍ਹਾਂ ਨੂੰ ਸਾਰਿਆਂ ਲਈ ਸਮਾਨ ਬਣਾਇਆ ਜਾਵੇਗਾ।

ਨਵੇਂ ਨਿਯਮ ਅਨੁਸਾਰ ਫਲੈਗ ਰੈਂਕ ਦੇ ਅਧਿਕਾਰੀ ਹੁਣ ਲੇਨਯਾਰਡ ਯਾਨੀ ਕਮਰਬੰਦ ਡੋਰੀ ਨਹੀਂ ਪਹਿਨਣਗੇ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਫ਼ੌਜ ਦੇ ਨਿਰਪੱਖ ਅਤੇ ਸਮਾਨ ਭਾਅ ਵਾਲੇ ਸੰਗਠਨ ਦੇ ਚਰਿੱਤਰ ਅਤੇ ਸਵਰੂਪ ਨੂੰ ਮਜ਼ਬੂਤੀ ਮਿਲੇਗੀ। ਇਸ ਫ਼ੈਸਲੇ ਦੇ ਪਿੱਛੇ ਇਕ ਹੋਰ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਫ਼ੌਜ 'ਚ ਬ੍ਰਿਗੇਡੀਅਰ ਅਤੇ ਉਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀ ਯੂਨਿਟ ਅਤੇ ਬਟਾਲੀਅਨਾਂ ਨੂੰ ਕਮਾਨ ਕਰ ਚੁੱਕੇ ਹੁੰਦੇ ਹਨ। ਮਾਨਕ ਵਰਦੀ ਹੋਣ ਨਾਲ ਸੀਨੀਅਰ ਰੈਂਕਾਂ ਦੇ ਅਧਿਕਾਰੀਆਂ ਦੀ ਪਛਾਣ 'ਚ ਵੀ ਸਮਾਨਤਾ ਆਏਗੀ, ਇਸ ਨਾਲ ਫ਼ੌਜ ਦੇ ਅਸਲ ਮੁੱਲ ਵੀ ਸਾਹਮਣੇ ਆਉਣਗੇ। ਸੂਤਰਾਂ ਦਾ ਕਹਿਣਾ ਹੈ ਕਿ ਕਰਨਲ ਦੇ ਪੱਧਰ ਤੱਕ ਇਕ ਹੀ ਰੈਜੀਮੈਂਟ 'ਚ ਜੂਨੀਅਰ ਲੀਡਰਸ਼ਿਪ ਦੇ ਪੱਧਰ 'ਤੇ ਵੱਖ-ਵੱਖ ਪਛਾਣ ਜ਼ਰੂਰੀ ਹੈ। ਇਹ ਰੈਜੀਮੈਂਟ ਦੇ ਪੱਧਰ 'ਤੇ ਫ਼ੌਜੀਆਂ 'ਚ ਇਕਜੁਟਤਾ, ਸੰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਅਧਿਕਾਰੀ ਤੇ ਜਵਾਨ ਦੇ ਸੰਬੰਧ ਮਜ਼ਬੂਤ ਕਰਨ ਲਈ ਹੁੰਦੀ ਹੈ।


author

DIsha

Content Editor

Related News