ਵਕਫ ਬੋਰਡ ਦੀ ਜਾਇਦਾਦ ’ਤੇ ਬਣਿਆ ਅਣਅਧਿਕਾਰਤ ਤਹਿਖਾਨਾ ਤੇ ਦੁਕਾਨ ਸੀਲ
Wednesday, Sep 24, 2025 - 11:13 PM (IST)

ਸੰਭਲ (ਉੱਤਰ ਪ੍ਰਦੇਸ਼) (ਭਾਸ਼ਾ)-ਸੰਭਲ ਜ਼ਿਲਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਵਕਫ਼ ਬੋਰਡ ਦੀ ਜਾਇਦਾਦ ’ਤੇ ਬਣੇ ਇਕ ਅਣਅਧਿਕਾਰਤ ਤਹਿਖਾਨੇ ਅਤੇ ਦੁਕਾਨ ਨੂੰ ਸੀਲ ਕਰ ਦਿੱਤਾ। ਇਹ ਕਾਰਵਾਈ ਉੱਤਰ ਪ੍ਰਦੇਸ਼ ਸੁੰਨੀ ਕੇਂਦਰੀ ਵਕਫ਼ ਬੋਰਡ ਦੇ ਨਿਰਦੇਸ਼ਾਂ ’ਤੇ ਕੀਤੀ ਗਈ। ਐੱਸ. ਡੀ. ਐੱਮ. ਵਿਕਾਸ ਚੰਦਰ ਨੇ ਦੱਸਿਆ ਕਿ ਇਹ ਦੁਕਾਨ ਸਦਰ ਕੋਤਵਾਲੀ ਥਾਣਾ ਖੇਤਰ ਵਿਚ ਇਤਿਹਾਸਕ ਸ਼ਾਹੀ ਜਾਮਾ ਮਸਜਿਦ ਦੇ ਨੇੜੇ ਸਥਿਤ ਸੀ ਅਤੇ ਵਕਫ ਬੋਰਡ ਦੀ ਪ੍ਰਵਾਨਗੀ ਤੋਂ ਬਿਨਾਂ ਲੰਬੇ ਸਮੇਂ ਤੋਂ ਚੱਲ ਰਹੀ ਸੀ। ਬੋਰਡ ਨੇ 9 ਜਨਵਰੀ, 2024 ਨੂੰ ਜ਼ਿਲਾ ਮੈਜਿਸਟ੍ਰੇਟ ਨੂੰ ਅਣਅਧਿਕਾਰਤ ਢਾਂਚੇ ਹਟਾਉਣ ਦਾ ਹੁਕਮ ਜਾਰੀ ਕੀਤਾ ਸੀ। ਚੰਦਰ ਨੇ ਦੱਸਿਆ ਕਿ ਘੱਟ ਗਿਣਤੀ ਭਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਇਕ ਮੈਜਿਸਟ੍ਰੇਟ ਨੇ ਕੰਪਲੈਕਸ ਨੂੰ ਸੀਲ ਕੀਤਾ।
ਵਕਫ਼ ਬੋਰਡ ਨੇ ਇਲਾਕੇ ਵਿਚ ਕੁੱਲ 22 ਦੁਕਾਨਾਂ ਨੂੰ ਮਨਜ਼ੂਰੀ ਦਿੱਤੀ ਸੀ, ਪਰ ਕੌਸਰ ਅਤੇ ਅਫਸਰ ਨਾਮੀ 2 ਵਿਅਕਤੀਆਂ ਨੇ ਬੋਰਡ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਇਕ ਤਹਿਖਾਨਾ ਬਣਾਕੇ ਦੁਕਾਨ ਸ਼ੁਰੂ ਕਰ ਦਿੱਤੀ ਸੀ। ਅਧਿਕਾਰੀਆਂ ਦੇ ਮੌਕੇ ’ਤੇ ਪਹੁੰਚਣ ’ਤੇ ਸਬੰਧਤ ਵਿਅਕਤੀ ਮੌਜੂਦ ਨਹੀਂ ਸਨ, ਇਸ ਲਈ ਦੁਕਾਨਾਂ ਨੂੰ ਤਾਲਾ ਲਗਾ ਕੇ ਸੀਲ ਕਰ ਦਿੱਤਾ ਗਿਆ।