ਸਾਊਦੀ ਅਰਬ ’ਚ ਮੁਸਲਿਮ ਤੇ ਭਾਰਤ ’ਚ ਹਿੰਦੂ ਰੀਤੀ-ਰਿਵਾਜਾਂ ਨਾਲ ਦੁਨੀਆ ਤੋਂ ਵਿਦਾ ਹੋਇਆ ਊਨਾ ਦਾ ਸੰਜੀਵ ਸ਼ਰਮਾ

Thursday, May 13, 2021 - 04:06 PM (IST)

ਨੈਸ਼ਨਲ ਡੈਸਕ : ਤਕਰੀਬਨ ਸਾਢੇ ਤਿੰਨ ਮਹੀਨੇ ਬਾਅਦ ਊਨਾ ਦੇ ਸੰਜੀਵ ਸ਼ਰਮਾ ਦੀ ਸਾਊਦੀ ਅਰਬ ਤੋਂ ਮ੍ਰਿਤਕ ਦੇਹ ਭਾਰਤ ਪਹੁੰਚੀ। ਬੁੱਧਵਾਰ ਨੂੰ ਦਿੱਲੀ ਤੋਂ ਸੰਜੀਵ ਦੀ ਮ੍ਰਿਤਕ ਦੇਹ ਐਂਬੂਲੈਂਸ ’ਚ ਊਨਾ ਲਿਆਂਦੀ ਗਈ। ਦੁਪਹਿਰ ਨੂੰ ਸ਼ਮਸ਼ਾਨਘਾਟ ’ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੰਜੀਵ ਦੀ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਉਨ੍ਹਾਂ ਦੀਆਂ ਤਿੰਨ ਧੀਆਂ ਨੇ ਗ਼ਮਗੀਨ ਮਾਹੌਲ ’ਚ ਦਿੱਤੀ। ਜ਼ਿਕਰਯੋਗ ਹੈ ਕਿ ਸੰਜੀਵ ਕੁਮਾਰ ਦੀ ਸਾਊਦੀ ਅਰਬ ’ਚ ਬੀਮਾਰੀ ਨਾਲ ਮੌਤ ਹੋ ਗਈ ਸੀ। ਸੰਜੀਵ ਉਥੇ ਇਕ ਕੰਪਨੀ ’ਚ ਸਟੋਰ ਮੈਨੇਜਰ ਸੀ। ਮੌਤ ਤੋਂ ਬਾਅਦ ਸੰਜੀਵ ਦੀ ਮ੍ਰਿਤਕ ਦੇਹ ਕੁਝ ਦਿਨ ਪਈ ਰਹੀ, ਜਿਸ ਨੂੰ 26ਵੇਂ ਦਿਨ ਮੁਸਲਮਾਨ ਦੱਸ ਕੇ ਕਬਰ ’ਚ ਦਫਨਾ ਦਿੱਤਾ ਗਿਆ। ਉਹ ਨਗਰ ਪ੍ਰੀਸ਼ਦ ਊਨਾ ਦੇ ਵਾਰਡ 2 ਦਾ ਰਹਿਣ ਵਾਲਾ ਸੀ। ਸਾਊਦੀ ਸਰਕਾਰ ਨੇ ਸੰਜੀਵ ਦਾ ਮੌਤ ਦਾ ਸਰਟੀਫਿਕੇਟ ਰਿਸ਼ਤੇਦਾਰਾਂ ਨੂੰ ਭੇਜਿਆ, ਜਿਸ ’ਤੇ ਸੰਜੀਵ ਦੇ ਨਾਂ ਨਾਲ ਧਰਮ ਕਾਲਮ ’ਚ ਇਸਲਾਮ ਲਿਖਿਆ ਹੋਇਆ ਸੀ। ਇਸ ਤੋਂ ਰਿਸ਼ਤੇਦਾਰਾਂ ਨੂੰ ਉਸ ਨੂੰ ਕਬਰ ’ਚ ਦਬਾਉਣ ਦੀ ਗੱਲ ਪਤਾ ਲੱਗੀ। ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਭਾਰਤ ਸਰਕਾਰ ਕੋਲ ਮਾਮਲਾ ਚੁੱਕਿਆ ਗਿਆ। 24 ਜਨਵਰੀ ਨੂੰ ਸੰਜੀਵ ਦੀ ਮੌਤ ਹੋ ਗਈ ਸੀ। ਰਿਸ਼ਤੇਦਾਰਾਂ ਨੇ ਸਬੰਧਿਤ ਕੰਪਨੀ ਤੇ ਭਾਰਤ ਸਕਰਾਰ ਤੋਂ ਸੰਜੀਵ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਸੀ।

ਮਦਦ ਲਈ ਅਧਿਕਾਰੀਆਂ ਦੀ ਹਾਈਕੋਰਟ ਨੇ ਕੀਤੀ ਤਾਰੀਫ਼
ਕੇਂਦਰ ਸਰਕਾਰ ਨੇ ਬੁੱਧਵਾਰ ਦਿੱਲੀ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਕਿ ਸਾਊਦੀ ਅਰਬ ’ਚ ਮੁਸਲਿਮ ਰੀਤੀ-ਰਿਵਾਜਾਂ ਨਾਲ ਦਫਨਾਏ ਗਏ ਹਿੰਦੂ ਵਿਅਕਤੀ ਦੀ ਮ੍ਰਿਤਕ ਦੇਹ ਭਾਰਤ ਲਿਆ ਕੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ ਹੈ। ਮਾਮਲੇ ਦੀ ਸੁਣਵਾਈ ਜਸਟਿਸ ਪ੍ਰਤਿਭਾ ਐੱਮ. ਸਿੰਘ ਕਰ ਰਹੀ ਸੀ। ਮ੍ਰਿਤਕ ਦੇਹ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਹੈ, ਉਹ ਹਿਮਾਚਲ ਊਨਾ ’ਚ ਰਹਿੰਦੇ ਹਨ। ਉਨ੍ਹਾਂ ਨੂੰ ਮ੍ਰਿਤਕ ਦੇਹ ਸੌਂਪ ਦਿੱਤੀ ਗਈ ਹੈ। ਅਦਾਲਤ ਨੇ ਮ੍ਰਿਤਕ ਦੇਹ ਲਿਆਉਣ ’ਚ ਮਦਦ ਲਈ ਸਾਊਦੀ ਅਰਬ ਦੇ ਅਧਿਕਾਰੀਆਂ ਤੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀ ਵਿਸ਼ਣੂ ਕੁਮਾਰ ਸ਼ਰਮਾ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ।


Manoj

Content Editor

Related News