ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਤਾਰੇਸ ਅੱਜ ਤੋਂ ਤਿੰਨ ਦਿਨਾ ਭਾਰਤ ਯਾਤਰਾ ’ਤੇ

10/18/2022 1:12:47 PM

ਮੁੰਬਈ (ਭਾਸ਼ਾ)– ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਤਾਰੇਸ ਮੰਗਲਵਾਰ ਤੋਂ ਸ਼ੁਰੂ ਹੋਈ ਆਪਣੀ ਤਿੰਨ ਦਿਨਾ ਭਾਰਤ ਯਾਤਰਾ ਦੇ ਪਹਿਲੇ ਦਿਨ ਮੁੰਬਈ ਦੇ ਤਾਜ ਮਹਿਲ ਪੈਲੇਸ ਹੋਟਲ ’ਚ 26/11 ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣਗੇ। ਜਨਵਰੀ ’ਚ ਦੂਜੇ ਕਾਰਜਕਾਲ ਦੇ ਸ਼ੁਰੂ ਹੋਣ ਤੋਂ ਬਾਅਦ ਗੁਤਾਰੇਸ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ।

ਇਸ ਤੋਂ ਪਹਿਲਾਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਅਕਤੂਬਰ, 2018 ’ਚ ਦੇਸ਼ ਦਾ ਦੌਰਾ ਕੀਤਾ ਸੀ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ 20 ਅਕਤੂਬਰ ਨੂੰ ਗੁਜਰਾਤ ਦੇ ਕੇਵੜੀਆ ’ਚ ‘ਮਿਸ਼ਨ ਲਾਈਫ’ (ਲਾਈਫਸਟਾਈਲ ਫਾਰ ਇਨਵਾਇਰਮੈਂਟ) ਨਾਲ ਸਬੰਧਤ ਇਕ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋਣਗੇ। ‘ਮਿਸ਼ਨ ਲਾਈਫ’ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਨਵੰਬਰ, 2021 ’ਚ ਗਲਾਸਗੋ ’ਚ ਸੀ. ਓ. ਪੀ. 26 ਦੌਰਾਨ ਗੱਲਬਾਤ ਕੀਤੀ ਸੀ।

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਅੱਤਵਾਦ ਰੋਕੂ ਸੰਮਤੀ ਵਲੋਂ ਭਾਰਤ ’ਚ ਆਪਣੇ ਦੋ ਦਿਨਾ ਸੰਮੇਲਨ ਤੋਂ ਕਰੀਬ ਇਕ ਹਫ਼ਤੇ ਪਹਿਲਾਂ ਉਨ੍ਹਾਂ ਦੀ ਭਾਰਤ ਯਾਤਰਾ ਹੋ ਰਹੀ ਹੈ। ਵਿਦੇਸ਼ ਮੰਤਰਾਲੇ (ਐੱਮ. ਈ. ਏ.) ਨੇ ਕਿਹਾ, ‘‘ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਤਾਰੇਸ 18-20 ਅਕਤੂਬਰ ਤਕ ਭਾਰਤ ਦੀ ਅਧਿਕਾਰਕ ਯਾਤਰਾ ’ਤੇ ਰਹਿਣਗੇ।’’

ਇਹ ਖ਼ਬਰ ਵੀ ਪੜ੍ਹੋ : ਅਮਰੀਕਾ: ਸੰਦੀਪ ਧਾਲੀਵਾਲ ਦੇ ਕਤਲ ਮਾਮਲੇ 'ਚ ਅਦਾਲਤ ਵੱਲੋਂ ਇੱਕ ਵਿਅਕਤੀ ਦੋਸ਼ੀ ਕਰਾਰ

ਮੰਤਰਾਲੇ ਨੇ ਕਿਹਾ, ‘‘ਗੁਤਾਰੇਸ ਮੁੰਬਈ ਦੇ ਤਾਜ ਮਹਿਲ ਪੈਲੇਸ ਹੋਟਲ ’ਚ 26/11 ਦੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇ ਕੇ ਭਾਰਤ ਦੀ ਆਪਣੀ ਯਾਤਰਾ ਦੀ ਸ਼ੁਰੂਆਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੌਰਾਨ ਗੁਤਾਰੇਸ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ. ਆਈ. ਟੀ.) ਮੁੰਬਈ ’ਚ ‘ਭਾਰਤ ਦੇ 75 ਸਾਲ : ਸੰਯੁਕਤ ਰਾਸ਼ਟਰ-ਭਾਰਤ ਸਾਂਝੇਦਾਰੀ : ਦੱਖਣ-ਦੱਖਣ ਸਹਿਯੋਗ ਨੂੰ ਮਜ਼ਬੂਤ ਕਰਨਾ’ ਵਿਸ਼ੇ ’ਤੇ ਸੰਬੋਧਨ ਕਰਨਗੇ।

ਮੰਤਰਾਲੇ ਮੁਤਾਬਕ ਵਿਦੇਸ਼ ਮੰਤਰੀ ਜੈਸ਼ੰਕਰ, ਸੰਯੁਕਤ ਰਾਸ਼ਟਰ ਜਨਰਲ ਸਕੱਤਰ ਗੁਤਾਰੇਸ ਨਾਲ ਵਿਸ਼ਵ ਪੱਧਰੀ ਚਿੰਤਾਵਾਂ ਨਾਲ ਜੁੜੇ ਮੁੱਦਿਆਂ, ਜੀ-20 ਦੀ ਭਾਰਤ ਦੀ ਆਗਾਮੀ ਪ੍ਰਧਾਨਗੀ ਸਮੇਤ ਸੰਯੁਕਤ ਰਾਸ਼ਟਰ ਨਾਲ ਭਾਰਤ ਦੇ ਸੰਪਰਕਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ’ਚ ਚੁੱਕੇ ਗਏ ਕਦਮਾਂ ਬਾਰੇ ਦੋਪੱਖੀ ਗੱਲਬਾਤ ਕਰਨਗੇ। ਮੰਤਰਾਲੇ ਨੇ ਕਿਹਾ ਕਿ ਕੇਵੜੀਆ ’ਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੇ ਸਟੈਚੂ ਆਫ ਯੂਨਿਟੀ ’ਤੇ ਫੁੱਲ ਭੇਟ ਕਰਨ ਲਈ ਜਾਣ ਦੀ ਸੰਭਾਵਨਾ ਵੀ ਹੈ। ਉਹ ਗੁਜਰਾਤ ਦੇ ਮੋਢੇਰਾ ’ਚ ਸੂਰਜ ਊਰਜਾ ਨਾਲ ਚੱਲ ਰਹੇ ਭਾਰਤ ਦੇ ਪਹਿਲੇ ਪਿੰਡ ਤੇ ਮੋਢੇਰਾ ਸਥਿਤ ਸੂਰਜ ਮੰਦਰ ਵੀ ਜਾਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News