ਯੂ. ਐਨ ਨੇ ਕਠੂਆ ਸਮੂਹਕ ਬਲਾਤਕਾਰ ਨੂੰ ਦੱਸਿਆ ''ਡਰਾਵਨਾ''

Saturday, Apr 14, 2018 - 01:29 PM (IST)

ਵਾਸ਼ਿੰਗਟਨ(ਬਿਊਰੋ)—ਸੰਯੁਕਤ ਰਾਸ਼ਟਰ ਦੇ ਮੁਖੀ ਐਨਟੋਨੀਓ ਗੁਤਾਰੇਸ ਨੇ ਕਠੂਆ ਵਿਚ 8 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਉਸ ਦੀ ਹੱਤਿਆ ਦੇ ਮਾਮਲੇ ਨੂੰ ''ਡਰਾਵਨਾ'' ਕਰਾਰ ਦਿੰਦੇ ਹੋਏ, ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਏ ਜਾਣ ਦੀ ਉਮੀਦ ਜ਼ਾਹਰ ਕੀਤੀ ਹੈ। ਖਾਨਾਬਦੋਸ਼ ਬਕਰਵਾਲ ਮੁਸਲਮਾਨ ਭਾਈਚਾਰੇ ਦੀ ਇਕ ਬੱਚੀ 10 ਜਨਵਰੀ ਨੂੰ ਆਪਣੇ ਘਰ ਕੋਲੋਂ ਲਾਪਤਾ ਹੋ ਗਈ ਸੀ ਅਤੇ ਇਕ ਹਫ਼ਤੇ ਬਾਅਦ ਉਸ ਦੀ ਲਾਸ਼ ਉਸੇ ਇਲਾਕੇ ਵਿਚ ਮਿਲੀ ਸੀ । ਪਿੰਡ ਦੇ ਹੀ ਇਕ ਮੰਦਿਰ ਵਿਚ ਇਕ ਹਫ਼ਤੇ ਤੱਕ ਉਸ ਨਾਲ ਕਥਿਤ ਤੌਰ ਉੱਤੇ 6 ਲੋਕਾਂ ਨੇ ਬਲਾਤਕਾਰ ਕੀਤਾ।
ਪੀੜਿਤਾ ਦੀ ਹੱਤਿਆ ਕਰਨ ਤੋਂ ਪਹਿਲਾਂ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਗਿਆ ਸੀ। ਇਸ ਘਟਨਾ ਦੇ ਬਾਅਦ ਤੋਂ ਪੂਰੇ ਭਾਰਤ ਵਿਚ ਗੁੱਸਾ ਦੇਖਣ ਨੂੰ ਮਿਲਿਆ। ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕੱਲ ਰੋਜ਼ਾਨਾ ਪੱਤਰਕਾਰ ਸਮੇਲਨ ਵਿਚ ਕਿਹਾ, '' ਮੈਂ ਬੱਚੀ ਨਾਲ ਬਲਾਤਕਾਰ ਦੇ ਇਸ ਘਿਨੌਣੇ ਅਪਰਾਧ ਦੀ ਮੀਡਿਆ ਰਿਪੋਰਟ ਦੇਖੀ ਹੈ। ਸਾਨੂੰ ਉਮੀਦ ਹੈ ਕਿ ਅਧਿਕਾਰੀ ਦੋਸ਼ੀਆਂ ਨੂੰ ਕਾਨੂੰਨ  ਦੇ ਦਾਇਰੇ ਵਿਚ ਲਿਆਉਣਗੇ ਤਾਂ ਕਿ ਬੱਚੀ ਨਾਲ ਬਲਾਤਕਾਰ ਅਤੇ ਉਸ ਦੀ ਹੱਤਿਆ ਦੇ ਮਾਮਲੇ ਵਿਚ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।''
ਬੱਚੀ ਨਾਲ ਬਲਾਤਕਾਰ ਅਤੇ ਉਸ ਦੀ ਹੱਤਿਆ ਦੇ ਮਾਮਲੇ 'ਤੇ ਜਨਰਲ ਸਕੱਤਰ ਦੀ ਪ੍ਰਤੀਕਿਰਿਆ ਪੁੱਛੇ ਜਾਣ ਉੱਤੇ ਦੁਜਾਰਿਕ ਨੇ ਇਹ ਬਿਆਨ ਦਿੱਤਾ। ਮਾਮਲੇ ਵਿਚ ਅਪਰਾਧ ਸ਼ਾਖਾ ਦੇ ਇਕ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ ਹੈ। ਅਜੇ ਤੱਕ 2 ਪੁਲਸ ਅਧਿਕਾਰੀਆਂ ਸਮੇਤ 8 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਇਸ ਮਾਮਲੇ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ, ਇਸ ਨੂੰ ਦੇਸ਼ ਲਈ ''ਸ਼ਰਮਨਾਕ'' ਕਰਾਰ ਦਿੱਤਾ ਅਤੇ ਦੋਸ਼ੀਆਂ ਨੂੰ ਨਾ ਬਖਸ਼ੇ ਜਾਣ ਦੀ ਗੱਲ ਕਹੀ। ਉਨ੍ਹਾਂ ਕਿਹਾ ਸੀ, ''ਮੈਂ ਦੇਸ਼ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਕੋਈ ਅਪਰਾਧੀ ਬਖਸ਼ਿਆ ਨਹੀਂ ਜਾਵੇਗਾ। ਨਿਆਂ ਹੋਵੇਗਾ। ਸਾਡੀਆਂ ਧੀਆਂ ਨੂੰ ਇਨਸਾਫ ਮਿਲੇਗਾ।''


Related News