ਮਾਫੀਆ ਅਤੀਕ ਦਾ ਬਦਲਿਆ ਜਾਵੇਗਾ ਟਿਕਾਣਾ, ਹੁਣ ਇਸ ਜੇਲ੍ਹ ’ਚ ਕੀਤਾ ਜਾਵੇਗਾ ਸ਼ਿਫਟ
Wednesday, Apr 05, 2023 - 11:15 AM (IST)

ਪ੍ਰਯਾਗਰਾਜ- ਗੁਜਰਾਤ ਦੀ ਸਾਬਰਮਤੀ ਜੇਲ੍ਹ 'ਚ ਸਜ਼ਾ ਕੱਟ ਰਹੇ ਉਮੇਸ਼ਪਾਲ ਕਤਲਕਾਂਡ ਦੇ ਮੁੱਖ ਦੋਸ਼ੀ ਮਾਫੀਆ ਅਤੀਕ ਅਹਿਮਦ ਦੀ ਜੇਲ੍ਹ ਛੇਤੀ ਬਦਲੀ ਜਾਵੇਗੀ। ਹੁਣ ਅਤੀਕ ਨੂੰ ਸਾਬਰਮਤੀ ਜੇਲ੍ਹ ਤੋਂ ਦਿੱਲੀ ਦੀ ਤਿਹਾੜ ਜੇਲ੍ਹ ’ਚ ਸ਼ਿਫਟ ਕੀਤਾ ਜਾਵੇਗਾ। ਗੁਪਤ ਜਾਂਚ ਦੇ ਆਧਾਰ ’ਤੇ ਅਤੀਕ ਦੀ ਜੇਲ੍ਹ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ ਅਪਰਾਧਕ ਗਤੀਵਿਧੀਆਂ ਵਿਚ ਸ਼ਮੂਲੀਅਤ ਦੇ ਚੱਲਦੇ ਇਹ ਬਦਲਾਅ ਕੀਤਾ ਜਾ ਰਿਹਾ ਹੈ। ਪ੍ਰਯਾਗਰਾਜ ਦੇ ਸਰਕਾਰੀ ਅਮਲੇ ਨੇ ਯੂ. ਪੀ. ਸਰਕਾਰ ਨੂੰ ਗੁਪਤ ਰਿਪੋਰਟ ਭੇਜੀ ਹੈ। ਇਸ ਰਿਪੋਰਟ ’ਚ ਅਤੀਕ ਅਹਿਮਦ ਦੀ ਜੇਲ੍ਹ ਬਦਲਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਰਿਪੋਰਟ ਦੇ ਆਧਾਰ ’ਤੇ ਯੂ. ਪੀ. ਸਰਕਾਰ ਹੁਣ ਛੇਤੀ ਹੀ ਸੁਪਰੀਮ ਕੋਰਟ ’ਚ ਅਰਜ਼ੀ ਦਾਇਰ ਕਰ ਸਕਦੀ ਹੈ। ਸੁਪਰੀਮ ਕੋਰਟ ਤੋਂ ਅਤੀਕ ਅਹਿਮਦ ਦੀ ਜੇਲ੍ਹ ਬਦਲੇ ਜਾਣ ਅਤੇ ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚ ਸ਼ਿਫਟ ਕੀਤੇ ਜਾਣ ਦੀ ਆਗਿਆ ਮੰਗੀ ਜਾਵੇਗੀ।
ਅਤੀਕ ਨੂੰ ਹਾਲ ਹੀ ਵਿਚ ਪ੍ਰਯਾਗਰਾਜ ਦੀ ਨੈਨੀ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਸੀ, ਜਿੱਥੇ ਉਸ ਨੂੰ ਕੋਰਟ 'ਚ ਪੇਸ਼ੀ ਮਗਰੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸੁਪਰੀਮ ਕੋਰਟ ਦੇ ਹੁਕਮ ਮਗਰੋਂ ਹੀ ਅਤੀਕ ਨੂੰ ਪ੍ਰਯਾਗਰਾਜ ਦੀ ਨੈਨੀ ਸੈਂਟਰਲ ਜੇਲ੍ਹ ਤੋਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਭੇਜਿਆ ਗਿਆ ਸੀ। ਮਾਫੀਆ ਅਤੀਕ ਅਹਿਮਦ ਯੂ. ਪੀ. ਸਰਕਾਰ ਦੇ ਖਰਚ 'ਤੇ ਹੀ ਸਾਬਰਮਤੀ ਜੇਲ੍ਹ ਵਿਚ ਰਹਿ ਰਿਹਾ ਹੈ। ਅਤੀਕ ਨੂੰ ਦੇਵਰੀਆ ਜੇਲ੍ਹ ਮਾਮਲੇ ਮਗਰੋਂ 4 ਜੂਨ 2019 ਨੂੰ ਅਤੀਕ ਨੂੰ ਸਾਬਰਮਤੀ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਸੀ। ਸੁਪਰੀਮ ਕੋਰਟ ਦੇ ਸਖ਼ਤ ਰਵੱਈਏ ਮਗਰੋਂ ਯੂ. ਪੀ. ਸਰਕਾਰ ਨੇ ਅਤੀਕ ਨੂੰ ਸਾਬਰਮਤੀ ਜੇਲ੍ਹ ਭੇਜਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਮਨਜ਼ੂਰ ਕੀਤਾ ਸੀ।
ਯੂ.ਪੀ ਪੁਲਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਤੀਕ ਅਹਿਮਦ ਸਾਬਰਮਤੀ ਜੇਲ੍ਹ ਵਿਚ ਹੁੰਦਿਆਂ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ। ਪੁਲਸ ਨੇ ਇਸ ਸਬੰਧੀ ਪੁਖਤਾ ਸਬੂਤ ਇਕੱਠੇ ਕਰ ਲਏ ਹਨ। ਸਾਬਰਮਤੀ ਜੇਲ੍ਹ 'ਚ ਰਹਿੰਦਿਆਂ ਹੀ ਅਤੀਕ ਦੇ ਇਸ਼ਾਰੇ 'ਤੇ ਉਮੇਸ਼ਪਾਲ ਦਾ ਕਤਲ ਕੀਤਾ ਗਿਆ ਸੀ ਅਤੇ ਇਸ ਸਬੰਧੀ ਸਬੂਤ ਵੀ ਮਿਲੇ ਹਨ। ਹੁਣ ਪੁਲਸ ਦੇ ਇਸ ਸਬੂਤ ਦੇ ਆਧਾਰ 'ਤੇ ਯੂ.ਪੀ ਸਰਕਾਰ ਸੁਪਰੀਮ ਕੋਰਟ 'ਚ ਅਰਜ਼ੀ ਦਾਇਰ ਕਰਨ ਜਾ ਰਹੀ ਹੈ। ਅਤੀਕ ਨੂੰ ਤਿਹਾੜ ਜਾਂ ਕਿਸੇ ਹੋਰ ਜੇਲ੍ਹ ਵਿਚ ਤਬਦੀਲ ਕਰਨ ਲਈ ਬੇਨਤੀ ਕੀਤੀ ਜਾਵੇਗੀ।