ਟਰੂਡੋ ਦੇ ਭਾਰਤ ਦੌਰੇ ''ਤੇ ਹਨ ਦੁਨੀਆ ਭਰ ਦੇ ਸਿੱਖਾਂ ਦੀਆਂ ਨਜ਼ਰਾਂ

02/17/2018 2:20:14 PM

ਲੰਡਨ / ਓਟਾਵਾ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਅਖਬਾਰਾਂ ਦੀਆਂ ਸੁਰਖੀਆਂ ਬਣੀ ਹੋਈ ਹੈ। ਇਸ 'ਤੇ ਸਿਰਫ ਭਾਰਤੀਆਂ ਜਾਂ ਕੈਨੇਡੀਅਨਜ਼ ਦੀਆਂ ਹੀ ਨਜ਼ਰਾਂ ਨਹੀਂ ਟਿਕੀਆਂ ਸਗੋਂ ਸਾਰੀ ਦੁਨੀਆ 'ਚ ਰਹਿੰਦੇ ਸਿੱਖਾਂ ਦੀਆਂ ਨਜ਼ਰਾਂ ਵੀ ਟਿਕੀਆਂ ਹਨ। ਸਿੱਖ ਫੈਡਰੇਸ਼ਨ ਯੂ.ਕੇ ਵੱਲੋਂ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕੀਤਾ ਗਿਆ ਹੈ। ਇਸ 'ਚ ਉਨ੍ਹਾਂ ਕਿਹਾ,''ਟਰੂਡੋ ਭਾਰਤ 'ਚ ਸਿੱਖਾਂ ਦੇ ਸੰਬੰਧ 'ਚ ਜੋ ਵੀ ਬਿਆਨ ਦੇਣਗੇ ਉਨ੍ਹਾਂ 'ਤੇ ਬਹੁਤ ਨੇੜਤਾ ਨਾਲ ਧਿਆਨ ਰੱਖਿਆ ਜਾਵੇਗਾ, ਅਜਿਹਾ ਸਿਰਫ ਕੈਨੇਡਾ 'ਚ ਹੀ ਨਹੀਂ ਸਗੋਂ ਵਿਸ਼ਵ ਦੇ ਹੋਰ ਭਾਗਾਂ 'ਚ ਹੋਵੇਗਾ।''
ਖਾਸ ਗੱਲ ਇਹ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦਾ ਭਾਰਤ 'ਚ ਸਿੱਖਾਂ ਪ੍ਰਤੀ ਸਟੈਂਡ ਕੀ ਹੋਵੇਗਾ ਇਹ ਦੇਖਣਾ ਬਾਕੀ ਹੈ ਕਿਉਂਕਿ ਟਰੂਡੋ ਨੇ ਕੈਨੇਡਾ 'ਚ ਕਿਹਾ ਸੀ ਕਿ ਹਰੇਕ ਨੂੰ ਆਪਣੇ ਧਰਮ ਸੰਬੰਧੀ ਵਿਚਾਰ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਟਰੂਡੋ ਆਪਣੇ ਉਸ ਹੀ ਬਿਆਨ 'ਤੇ ਬਣੇ ਰਹਿੰਦੇ ਹਨ ਜਾਂ ਫਿਰ ਉਹ ਭਾਰਤ ਦੀ ਏਕਤਾ ਤੇ ਅਖੰਡਤਾ ਦੀ ਗੱਲ ਕਰਦੇ ਹਨ। 
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਅਧਿਕਾਰੀ ਅਤੇ ਮੀਡੀਆ ਟਰੂਡੋ ਨੂੰ ਇਸ ਮੁੱਦੇ 'ਤੇ ਘੇਰ ਸਕਦੇ ਹਨ।  ਇਸ ਤੋਂ ਪਹਿਲਾਂ ਕੈਨੇਡਾ 'ਚ ਸਿੱਖਾਂ ਨੂੰ 'ਬਲੈਕ ਲਿਸਟ' ਕਰਨ ਦੀਆਂ ਖਬਰਾਂ ਵੀ ਸੁਰਖੀਆਂ 'ਚ ਆਈਆਂ ਸਨ। ਸਿੱਖ ਹਿਊਮਨ ਰਾਈਟਸ ਫੋਰਮ ਦੇ ਨਿਰਦੇਸ਼ਕ ਜਸਦੇਵ ਸਿੰਘ ਰਾਏ ਜਿਨ੍ਹਾਂ ਨੇ 2015 'ਚ ਲੰਡਨ 'ਚ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ, ਨੂੰ ਕੈਨੇਡਾ ਜਾਣ ਤੋਂ ਰੋਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਜਿਨ੍ਹਾਂ ਲੋਕਾਂ ਨੂੰ ਵੀਜ਼ਾ ਅਤੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਮਿਲ ਰਹੇ ਹਨ, ਉਨ੍ਹਾਂ ਨੂੰ ਕੈਨੇਡਾ ਕਾਲੀ ਸੂਚੀ 'ਚ ਕਿਉਂ ਰੱਖ ਰਿਹਾ ਹੈ? ਉਨ੍ਹਾਂ ਇਹ ਵੀ ਕਿਹਾ ਕਿ ਟਰੂਡੋ ਸਰਕਾਰ ਦੇ ਆਉਣ ਤੋਂ ਪਹਿਲਾਂ ਉਹ ਹੀ ਸਿੱਖ ਕੈਨੇਡਾ ਜਾਂਦੇ ਸਨ, ਜਿਨ੍ਹਾਂ 'ਤੇ ਹੁਣ ਪਾਬੰਦੀਆਂ ਲੱਗ ਰਹੀਆਂ ਹਨ, ਹਾਲਾਂਕਿ ਇਹ ਕੈਨੇਡਾ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ 4 ਸਿੱਖ ਚਿਹਰੇ ਮੰਤਰੀ ਅਹੁਦੇ 'ਤੇ ਬੈਠੇ ਹਨ।


Related News