ਚੱਕਰਵਾਤ ''ਨਿਸਰਗ'' ਦੌਰਾਨ ਕੀ ਕਰੀਏ ਅਤੇ ਕੀ ਨਾ, ਊਧਵ ਠਾਕਰੇ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
Wednesday, Jun 03, 2020 - 02:33 PM (IST)
ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਚੱਕਰਵਾਤ ਤੂਫਾਨ 'ਨਿਸਰਗ' ਦੇ ਮੱਦੇਨਜ਼ਰ ਕੀ ਕਰੀਏ ਅਤੇ ਕੀ ਨਾ ਕਰੀਏ ਦੀ ਸੂਚੀ ਬੁੱਧਵਾਰ ਨੂੰ ਜਾਰੀ ਕੀਤੀ ਹੈ। ਇਸ ਚੱਕਰਵਾਤ ਦੇ ਰਾਏਗੜ੍ਹ ਦੇ ਅਲੀਬਾਗ ਸ਼ਹਿਰ ਵਿਚ ਦਸਤਕ ਦੇਣ ਦੀ ਸੰਭਾਵਨਾ ਹੈ। ਚੱਕਰਵਾਤ ਦਾ ਅਸਰ ਮੁੰਬਈ, ਪਾਲਘਰ ਅਤੇ ਠਾਣੇ ਸਮੇਤ ਹੋਰ ਤੱਟੀ ਜ਼ਿਲਿਆਂ 'ਤੇ ਵੀ ਪੈ ਸਕਦਾ ਹੈ। ਟਵਿੱਟਰ 'ਤੇ ਇਕ ਗ੍ਰਾਫਿਕ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਟੀ. ਵੀ. ਅਤੇ ਰੇਡੀਆ 'ਤੇ ਅਧਿਕਾਰਤ ਦਿਸ਼ਾ-ਨਿਰਦੇਸ਼ਾਂ 'ਤੇ ਧਿਆਨ ਦੇਣ ਅਤੇ ਅਫਵਾਹਾਂ 'ਤੇ ਧਿਆਨ ਨਾ ਦੇਣ ਜਾਂ ਉਨ੍ਹਾਂ ਨੂੰ ਨਾ ਫੈਲਾਉਣ। ਠਾਕਰੇ ਨੇ ਕਿਹਾ ਕਿ ਲੋਕ ਆਪਣੇ ਘਰਾਂ ਦੇ ਬਾਹਰ ਰੱਖੀਆਂ ਢਿੱਲੀਆਂ ਚੀਜ਼ਾਂ ਨੂੰ ਬੰਨ੍ਹਣ ਅਤੇ ਬੈਟਰੀ ਨਾਲ ਚੱਲਣ ਵਾਲੇ ਯੰਤਰਾਂ ਦਾ ਨਿਯਮਿਤ ਤੌਰ 'ਤੇ ਨਿਰੀਖਣ ਕਰਨ। ਜੇਕਰ ਕੋਈ ਵਿਅਕਤੀ ਮਿੱਟੀ ਨਾਲ ਬਣੇ ਜਾਂ ਝੋਂਪੜੀ ਵਿਚ ਨਹੀਂ ਰਹਿ ਰਿਹਾ ਹੈ ਤਾਂ ਉਸ ਨੂੰ ਆਪਣੇ ਘਰ ਦਾ ਇਕ ਕੋਨਾ ਚੁਣਨਾ ਚਾਹੀਦਾ ਹੈ, ਜਿੱਥੇ ਐਮਰਜੈਂਸੀ ਸਥਿਤੀ 'ਚ ਸ਼ਰਨ ਲਈ ਜਾ ਸਕਦੀ ਹੈ ਅਤੇ ਇਸ ਦਾ ਅਭਿਆਸ ਕਰਨਾ ਚਾਹੀਦਾ ਹੈ ਕਿ ਚੱਕਰਵਾਤ ਦੌਰਾਨ ਪਰਿਵਾਰ ਦੇ ਸਾਰੇ ਮੈਂਬਰ ਇਸ ਥਾਂ ਦਾ ਇਸਤੇਮਾਲ ਕਿਵੇਂ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਕਮਰੇ ਦੇ ਵਿਚ ਰਹੋ, ਕੋਨਿਆਂ ਤੋਂ ਬਚ ਕੇ ਰਹੋ ਕਿਉਂਕਿ ਮਲਬਾ ਅਕਸਰ ਕੋਨਿਆਂ ਵਿਚ ਹੀ ਇਕੱਠਾ ਹੁੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਮਜ਼ਬੂਤ ਫਰਨੀਚਰ ਜਿਵੇਂ ਕਿ ਸਟੂਲ, ਭਾਰੀ ਮੇਜ਼ ਜਾਂ ਡੈਸਕ ਦੇ ਹੇਠਾਂ ਲੁੱਕਣ ਅਤੇ ਇਸ ਨੂੰ ਮਜ਼ਬੂਤੀ ਨਾਲ ਫੜਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਸਿਰ ਅਤੇ ਗਰਦਨ ਨੂੰ ਬਚਾਉਣ ਲਈ ਹੱਥਾਂ ਦਾ ਇਸਤੇਮਾਲ ਕਰੋ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਖਿੜਕੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕੁਝ ਖਿੜਕੀਆਂ ਨੂੰ ਬੰਦ ਅਤੇ ਕੁਝ ਨੂੰ ਖੁੱਲ੍ਹੀਆਂ ਰੱਖੋ, ਤਾਂ ਕਿ ਦਬਾਅ ਬਰਾਬਰ ਬਣਿਆ ਰਹੇ।
ਠਾਕਰੇ ਨੇ ਗੈਰ ਜ਼ਰੂਰੀ ਯੰਤਰਾਂ ਦੀ ਬਿਜਲੀ ਸਪਲਾਈ ਕੱਟਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਨੂੰ ਇਕ ਸਾਫ਼ ਭਾਂਡੇ ਵਿਚ ਭੰਡਾਰ ਕਰ ਕੇ ਰੱਖੋ। ਲੋਕਾਂ ਨੂੰ ਜ਼ਰੂਰਤ ਪੈਣ 'ਤੇ ਫਸੇ ਜਾਂ ਜ਼ਖ਼ਮੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੁੱਢਲਾ ਇਲਾਜ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਗੈਸ ਲੀਕ ਹੋਵੇ ਤਾਂ ਖਿੜਕੀਆਂ ਨੂੰ ਖੁੱਲ੍ਹਾ ਰੱਖੋ ਅਤੇ ਇਮਾਰਤ ਤੋਂ ਬਾਹਰ ਨਿਕਲ ਜਾਓ। ਮੁੱਖ ਮੰਤਰੀ ਨੇ ਲੋਕਾਂ ਨੂੰ ਲੋੜਵੰਦਾਂ ਜਿਵੇਂ ਬੱਚਿਆਂ, ਸਰੀਰਕ ਰੂਪ ਤੋਂ ਅਸਮਰਥ ਲੋਕਾਂ ਅਤੇ ਬਜ਼ੁਰਗਾਂ ਦੀ ਮਦਦ ਕਰ ਲਈ ਕਿਹਾ। ਉਨ੍ਹਾਂ ਨੇ ਇਸ ਦੇ ਨਾਲ ਹੀ ਅਪੀਲ ਕੀਤੀ ਕਿ ਮਛੇਰੇ ਖਰਾਬ ਮੌਸਮ ਕਾਰਨ ਸਮੁੰਦਰ ਵਿਚ ਨਾ ਜਾਣ। ਓਧਰ ਬੀ. ਐੱਮ. ਸੀ. ਨੇ ਕਿਸੇ ਐਮਰਜੈਂਸੀ ਸਥਿਤੀ 'ਚ ਲੋਕਾਂ ਨੂੰ ਮਦਦ ਲਈ 1916 ਹੈਲਪਲਾਈਨ ਨੰਬਰ 'ਤੇ ਫੋਨ ਕਰਨ ਦੀ ਵੀ ਅਪੀਲ ਕੀਤੀ ਹੈ।