ਸਿਆਸੀ ਸੰਕਟ ਵਿਚਾਲੇ ਊਧਵ ਦਾ ਹਿੰਦੂਤਵ ਕਾਰਡ, ਦੋ ਸ਼ਹਿਰਾਂ ਦੇ ਬਦਲੇ ਨਾਮ

06/30/2022 12:52:46 PM

ਮੁੰਬਈ (ਭਾਸ਼ਾ)- ਮਹਾਰਾਸ਼ਟਰ ਵਿਚ ਜਾਰੀ ਸਿਆਸੀ ਸੰਕਟ ਦਰਮਿਆਨ ਸੂਬਾ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਔਰੰਗਾਬਾਦ ਸ਼ਹਿਰ ਦਾ ਨਾਂ ਬਦਲ ਕੇ ਸੰਭਾਜੀਨਗਰ ਕਰਨ ਅਤੇ ਉਸਮਾਨਾਬਾਦ ਸ਼ਹਿਰ ਦਾ ਨਾਂ ਧਾਰਾਸ਼ਿਵ ਕਰਨ ਨੂੰ ਮਨਜ਼ੂਰੀ ਦਿੱਤੀ। ਸੂਬੇ ਦੇ ਇਤਿਹਾਸਕ ਮਹੱਤਵ ਵਾਲੇ ਸ਼ਹਿਰ ਔਰੰਗਾਬਾਦ ਦਾ ਨਾਂ ਬਦਲਣ ਦਾ ਕਦਮ ਸਰਕਾਰ ਨੇ ਹਿੰਦੂਤਵ ਦਾ ਕਾਰਡ ਖੇਡਣ ਲਈ ਚੁੱਕਿਆ ਲੱਗਦਾ ਹੈ। ਮੁੱਖ ਮੰਤਰੀ ਊਧਵ ਠਾਕਰੇ ਦੀ ਪ੍ਰਧਾਨਗੀ ਵਿਚ ਹੋਏ ਕੈਬਨਿਟ ਦੀ ਬੈਠਕ ਵਿਚ ਨਵੀ ਮੁੰਬਈ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਕਿਸਾਨ ਨੇਤਾ ਸਵ. ਡੀ. ਬੀ. ਪਾਟਿਲ ਦੇ ਨਾਂ ’ਤੇ ਰੱਖਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਜਦੋਂ ਸ਼ਿਵ ਸੈਨਾ ਨੇ ਭਾਜਪਾ ਦੇ ਨਾਲ ਗਠਜੋੜ ਖਤਮ ਕੀਤਾ ਸੀ ਅਤੇ ਕਾਂਗਰਸ ਤੇ ਰਾਕਾਂਪਾ ਦੇ ਨਾਲ ਹੱਥ ਮਿਲਾਇਆ ਸੀ ਉਦੋਂ ਤੋਂ ਭਾਜਪਾ ਉਸ ਨੂੰ ਔਰੰਗਾਬਾਦ ਦਾ ਨਾਂ ਬਦਲਣ ਦੀਆਂ ਆਪਣੀਆਂ ਪੁਰਾਣੀਆਂ ਮੰਗਾਂ ਦੀ ਯਾਦ ਦਿਵਾਉਂਦੀ ਰਹੀ ਹੈ। ਔਰੰਗਾਬਾਦ ਨਾਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਨਾਂ ’ਤੇ ਰੱਖਿਆ ਗਿਆ ਸੀ।

ਕਾਂਗਰਸ ਦੀ ਮੰਗ, ਪੁਣੇ ਦਾ ਨਾਂ ਵੀ ਬਦਲੋ
ਕੈਬਨਿਟ ਮੀਟਿੰਗ ’ਚ ਕਾਂਗਰਸ ਨੇ ਕੁਝ ਸਥਾਨਾਂ ਅਤੇ ਪ੍ਰੋਜੈਕਟਸ ਦੇ ਨਾਂ ਬਦਲਣ ਦੀ ਮੰਗ ਕੀਤੀ ਹੈ। ਕਾਂਗਰਸ ਨੇ ਇਸ ਮੀਟਿੰਗ ’ਚ ਪੁਣੇ ਦਾ ਨਾਂ ਰਾਜ ਮਾਤਾ ਜੀਜਾਬਾਈ ਦੇ ਨਾਂ ’ਤੇ ਜੀਜਾਊ ਨਗਰ ਰੱਖਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕਾਂਗਰਸ ਨੇ ਸੇਵਰੀ ਨਹਾਵਾ ਦੇਵਾ ਟ੍ਰਾਂਸ ਹਾਰਬਰ ਲਿੰਕ ਦਾ ਨਾਂ ਬਦਲ ਕੇ ਬੈਰਿਸਟਰ ਏ. ਆਰ. ਅੰਤੁਲੇ ਰੱਖਣ ਦੀ ਮੰਗ ਵੀ ਕੀਤੀ ਸੀ।


DIsha

Content Editor

Related News