UAE : ਜੁਰਮਾਨਾ ਮਾਫ਼ ਹੋਣ ''ਤੇ 14 ਸਾਲਾਂ ਪਿੱਛੋਂ ਭਾਰਤ ਪਰਤੇਗਾ ਇਹ ਸ਼ਖਸ

Saturday, Sep 26, 2020 - 08:37 PM (IST)

UAE : ਜੁਰਮਾਨਾ ਮਾਫ਼ ਹੋਣ ''ਤੇ 14 ਸਾਲਾਂ ਪਿੱਛੋਂ ਭਾਰਤ ਪਰਤੇਗਾ ਇਹ ਸ਼ਖਸ

ਦੁਬਈ- ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਬਾਸਕਰੀ ਰਾਘਵਲੂ 14 ਸਾਲਾਂ ਬਾਅਦ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਪਰਤ ਸਕੇਗਾ। ਉਹ 5,11,200 ਦਿਰਹਾਮ (1,39,177 ਡਾਲਰ) ਤੋਂ ਵੱਧ ਦੇ ਜੁਰਮਾਨੇ ਦੀ ਛੋਟ ਮਿਲਣ ਦੇ ਬਾਅਦ ਘਰ ਪਰਤ ਸਕੇਗਾ। ਇਕ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।


ਗਲਫ਼ ਨਿਊਜ਼ ਮੁਤਾਬਕ ਰਾਘਵਲੂ ਨੂੰ ਵਕੀਲ ਅਤੇ ਸਮਾਜਕ ਕਾਰਜਕਰਤਾ ਸ਼ੀਲਾ ਥਾਮਸ ਤੋਂ ਮਦਦ ਮਿਲੀ, ਜਿਨ੍ਹਾਂ ਨੇ ਉਸ ਦੀ ਘਰ ਵਾਪਸੀ ਲਈ ਟਿਕਟ ਦਾ ਪ੍ਰਬੰਧ ਵੀ ਕੀਤਾ। ਥਾਮਸ ਦੇ ਹਵਾਲੇ ਤੋਂ ਖ਼ਬਰ ਵਿਚ ਦੱਸਿਆ ਗਿਆ, "ਉਹ ਰਹਿਣ ਲਈ ਸੰਘਰਸ਼ ਕਰ ਰਿਹਾ ਸੀ। ਉਹ ਕੁਝ ਹੋਰ ਕਾਮਿਆਂ ਦੇ ਰਹਿਮ 'ਤੇ ਰਹਿ ਰਿਹਾ ਸੀ। ਉਹ ਭਾਰਤ ਵਾਪਸ ਜਾਣਾ ਚਾਹੁੰਦਾ ਸੀ ਅਤੇ ਜ਼ਿੰਦਗੀ ਵਿਚ ਪਹਿਲੀ ਵਾਰ ਆਪਣੀ ਧੀ ਨੂੰ ਦੇਖਣ ਲਈ ਤਰਸ ਰਿਹਾ ਸੀ। ਤਦ ਮੈਂ ਇਸ ਮਾਮਲੇ ਨੂੰ ਲਿਆ।" ਉਨ੍ਹਾਂ ਕਿਹਾ ਕਿ ਰਾਘਵਲੂ ਦੇ ਜ਼ਿਆਦਾ ਸਮੇਂ ਤੱਕ ਰੁਕਣ ਦੇ ਜੁਰਮਾਨੇ ਨੂੰ ਭਰ ਦਿੱਤਾ ਗਿਆ ਹੈ ਅਤੇ ਉਹ ਪਰਤਣ ਲਈ ਤਿਆਰ ਹੈ। 

41 ਸਾਲਾ ਰਾਘਵਲੂ 2006 ਵਿਚ ਸੰਯੁਕਤ ਅਰਬ ਅਮੀਰਾਤ ਆਇਆ ਸੀ ਅਤੇ ਆਪਣੀ ਕੰਪਨੀ ਦੀ ਗੱਡੀ ਰਾਹੀਂ ਜਾਂਦੇ ਸਮੇਂ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਖ਼ਬਰ ਮੁਤਾਬਕ ਉਸ ਨੇ ਕੰਪਨੀ ਤੋਂ ਮੁਆਵਜ਼ਾ ਪਾਉਣ ਦੀ ਕੋਸ਼ਿਸ਼ ਕੀਤੀ, ਜਿੱਥੇ ਉਹ ਇਕ ਵਕੀਲ ਰਾਹੀਂ ਕੰਮ ਕਰਦਾ ਸੀ। ਉਸ ਵਕੀਲ ਨੇ ਉਸ ਦਾ ਪਾਸਪੋਰਟ ਵੀ ਲੈ ਲਿਆ ਸੀ। ਰਾਘਵਲੂ ਨੇ ਦੱਸਿਆ ਕਿ ਉਸ ਨੇ ਖੁਦ ਲਈ ਅਤੇ ਘਰ ਵਿਚ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ ਅਤੇ ਕੰਮ ਕੀਤੇ। ਅਖਬਾਰ ਮੁਤਾਬਕ ਯੂ. ਏ. ਈ. ਸਰਕਾਰ ਦੇ ਇਕ ਰਿਆਇਤ ਪ੍ਰੋਗਰਾਮ ਦੌਰਾਨ ਉਸ ਨੂੰ ਦੇਸ਼ ਛੱਡਣ ਦੀ ਇਜਾਜ਼ਤ ਮਿਲ ਵੀ ਗਈ ਸੀ ਪਰ ਉਸ ਕੋਲ ਹਵਾਈ ਯਾਤਰਾ ਲਈ ਪੈਸਾ ਨਹੀਂ ਸੀ। 
 


author

Sanjeev

Content Editor

Related News