ਔਰਤ ਨਾਲ ਬਦਸਲੂਕੀ ਦਾ ਮਾਮਲਾ; ਸ਼੍ਰੀਕਾਂਤ ਤਿਆਗੀ ਦੇ ਸਮਰਥਨ ’ਚ ਆਇਆ ‘ਤਿਆਗੀ’ ਸਮਾਜ
Tuesday, Aug 09, 2022 - 01:26 PM (IST)
ਨੋਇਡਾ- ਨੋਇਡਾ ਦੇ ‘ਗਾਲੀਬਾਜ਼’ ਨੇਤਾ ਸ਼੍ਰੀਕਾਂਤ ਤਿਆਗੀ ਦਾ ਮੁੱਦਾ ਦੇਸ਼ ਭਰ ’ਚ ਸੁਰਖੀਆਂ ’ਚ ਹੈ। ਹੁਣ ਇਸ ਮੁੱਦੇ ’ਤੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਪ੍ਰਸ਼ਾਸਨ ਨੇ ਸ਼੍ਰੀਕਾਂਤ ਤਿਆਗੀ ਦੇ ਘਰ ’ਤੇ ਬੁਲਡੋਜ਼ਰ ਵੀ ਚਲਾਇਆ ਹੈ। ਹੁਣ ਤਿਆਗੀ ਦੇ ਸਮਰਥਨ ’ਚ ਤਿਆਗੀ ਸਮਾਜ ਅੱਗੇ ਆਇਆ ਹੈ। ਉਸ ਦੇ ਸਮਰਥਨ ’ਚ ਤਿਆਗੀ ਸਮਾਜ ਦੇ ਕੁਝ ਲੋਕਾਂ ਨੇ ਮਹਾਪੰਚਾਇਤ ਕੀਤੀ। ਤਿਆਗੀ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਉਸ ਨੂੰ ਸਾਜਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਪੂਰੇ ਮਾਮਲੇ ਦੇ ਤੂਲ ਫੜਨ ਮਗਰੋਂ ਤਿਆਗੀ ਸਮਾਜ ਅੰਦਰ ਖ਼ਾਸਾ ਰੋਸ ਹੈ। ਤਿਆਗੀ ਸਮਾਜ ਦਾ ਕਹਿਣਾ ਹੈ ਕਿ ਜੇਕਰ ਸ਼੍ਰੀਕਾਂਤ ਤਿਆਗੀ ਨੇ ਕੋਈ ਗਲਤੀ ਕੀਤੀ ਹੈ ਤਾਂ ਕਾਨੂੰਨੀ ਰੂਪ ਨਾਲ ਉਸ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ, ਨਾ ਕਿ ਗੈਂਗਸਟਰ ਵਾਂਗ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ।
ਇਹ ਵੀ ਪੜ੍ਹੋ- ਔਰਤ ਨਾਲ ਬਦਸਲੂਕੀ ਕਰਨ ਦਾ ਮਾਮਲਾ; BJP ਆਗੂ ਤਿਆਗੀ ਦੇ ਨਿਵਾਸ ’ਤੇ ਚੱਲਿਆ ਬੁਲਡੋਜ਼ਰ
ਮਹਾਪੰਚਾਇਤ ਨੂੰ ਪੁਲਸ ਨੇ ਰੋਕਿਆ-
ਤਿਆਗੀ ਦੇ ਸਮਰਥਨ ’ਚ 8 ਜੁਲਾਈ ਨੂੰ ਤਿਆਗੀ ਸਮਾਜ ਦੇ ਸੈਂਕੜੇ ਲੋਕ ਸੜਕਾਂ ’ਤੇ ਉਤਰ ਆਏ। ਇਹ ਲੋਕ ਗਾਜ਼ੀਆਬਾਦ ਦੇ ਗੋਵਿੰਦਪੁਰਮ ਇਲਾਕੇ ਸਥਿਤ ਪ੍ਰੀਤਮ ਫਾਰਮ ਹਾਊਸ ’ਚ ਮਹਾਪੰਚਾਇਤ ਕਰਨ ਵਾਲੇ ਸਨ ਪਰ ਉੱਥੇ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਫਾਰਮ ਹਾਊਸ ’ਚ ਮਹਾਪੰਚਾਇਤ ਦੀ ਆਗਿਆ ਨਾ ਮਿਲਣ ’ਤੇ ਤਿਆਗੀ ਸਮਾਜ ਦੇ ਲੋਕਾਂ ਨੇ ਫਾਰਮ ਹਾਊਸ ਨੇੜੇ ਸੜਕ ’ਤੇ ਹੀ ਪੰਚਾਇਤ ਕੀਤੀ। ਤਿਆਗੀ ਸਮਾਜ ਨੇ ਸ਼੍ਰੀਕਾਂਤ ਤਿਆਗੀ ਦੇ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਇਸ ਮੌਕੇ ਉਹ ਗਾਜ਼ੀਆਬਾਦ ਦੇ ਐੱਸ. ਐੱਸ. ਪੀ. ਦੇ ਆਵਾਸ ਪਹੁੰਚੇ। ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਸੌਂਪਿਆ। ਉਨ੍ਹਾਂ ਸਾਫ਼ ਤੌਰ ’ਤੇ ਕਿਹਾ ਕਿ ਇਸ ਮੁੱਦੇ ਦੇ ਕੁਝ ਨੇਤਾ ਸਿਆਸੀ ਰੋਟੀ ਸੇਂਕਣ ਦੀ ਕੋਸ਼ਿਸ਼ ਕਰ ਰਹੇ ਹਨ।
ਮੰਗ ਪੱਤਰ ਸੌਂਪਣ ਵਾਲਿਆਂ ਨੇ ਕਿਹਾ ਕਿ ਸਮਾਜ ਨੂੰ ਬਦਨਾਮ ਨਾ ਕੀਤਾ ਜਾਵੇ-
ਮੰਗ ਪੱਤਰ ਸੌਂਪਣ ਆਏ ਲੋਕਾਂ ਨੇ ਕਿਹਾ ਕਿ ਸ੍ਰੀਕਾਂਤ ਤਿਆਗੀ ਨੂੰ ਲੋੜ ਤੋਂ ਵੱਧ ਮਾੜਾ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਰਾਹੀਂ ਸਮੁੱਚੇ ਤਿਆਗੀ ਸਮਾਜ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿਚ ਤਿਆਗੀ ਸਮਾਜ ਹੋਰ ਵੀ ਜ਼ੋਰਦਾਰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ। ਗਾਜ਼ੀਆਬਾਦ ਦੇ ਐੱਸ. ਐੱਸ. ਪੀ ਮੁਨੀਰਾਜ ਅਨੁਸਾਰ ਆਲ ਇੰਡੀਆ ਤਿਆਗੀ ਬ੍ਰਾਹਮਣ ਸਭਾ ਵੱਲੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਮ ਇਕ ਮੰਗ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਔਰਤ ਨਾਲ ਬਦਸਲੂਕੀ ਕਰਨ ਵਾਲਾ ਦੋਸ਼ੀ ਸ਼੍ਰੀਕਾਂਤ ਤਿਆਗੀ ਮੇਰਠ 'ਚ ਗ੍ਰਿਫ਼ਤਾਰ
ਸ਼੍ਰੀਕਾਂਤ ਤਿਆਗੀ ਨੇ ਔਰਤ ਨਾਲ ਕੀਤੀ ਸੀ ਬਦਸਲੂਕੀ
ਜ਼ਿਕਰਯੋਗ ਹੈ ਕਿ ਸ਼੍ਰੀਕਾਂਤ ਤਿਆਗੀ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਉਹ ਔਰਤ ਨਾਲ ਬਦਸਲੂਕੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਹ ਨਾ ਸਿਰਫ ਔਰਤ ਨਾਲ ਬਦਸਲੂਕੀ ਕਰ ਰਿਹਾ ਹੈ ਸਗੋਂ ਉਸ ਨਾਲ ਧੱਕਾ-ਮੁੱਕੀ ਵੀ ਕਰ ਰਿਹਾ ਹੈ। ਨੋਇਡਾ ਦੇ ਸੈਕਟਰ 93-ਬੀ ਦੀ ਗ੍ਰੈਂਡ ਓਮੈਕਸ ਸੋਸਾਇਟੀ ਵਿਚ ਸ਼੍ਰੀਕਾਂਤ ਤਿਆਗੀ ਨਾਮਕ ਇਕ ਸਥਾਨਕ ਨੇਤਾ ਵੱਲੋਂ ਈਨਾ ਅਗਰਵਾਲ ਨਾਮ ਦੀ ਔਰਤ ਨਾਲ ਬਦਸਲੂਕੀ ਕਰਨ ਦਾ ਇਕ ਵੀਡੀਓ ਹੁਣ ਪੂਰੇ ਦੇਸ਼ ਵਿਚ ਵਾਇਰਲ ਹੋ ਗਿਆ ਹੈ। ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ, ਉਹ ਇਹੀ ਸਵਾਲ ਪੁੱਛ ਰਿਹਾ ਹੈ ਕਿ ਆਖ਼ਰ ਕੋਈ ਔਰਤ ਨਾਲ ਬਦਸਲੂਕੀ ਕਿਵੇਂ ਕਰ ਸਕਦਾ ਹੈ, ਉਹ ਵੀ ਅਜਿਹੀ ਪਾਸ਼ ਸੋਸਾਇਟੀ ’ਚ।