UK ਤੋਂ ਪਰਤੇ 2 ਲੋਕ ਓਮੀਕਰੋਨ ਤੋਂ ਪੀੜਤ, ਦੇਸ਼ ’ਚ ਨਵੇਂ ਵੈਰੀਐਂਟ ਦੇ ਕੁੱਲ ਮਾਮਲੇ 145 ਹੋਏ

Sunday, Dec 19, 2021 - 05:27 PM (IST)

UK ਤੋਂ ਪਰਤੇ 2 ਲੋਕ ਓਮੀਕਰੋਨ ਤੋਂ ਪੀੜਤ, ਦੇਸ਼ ’ਚ ਨਵੇਂ ਵੈਰੀਐਂਟ ਦੇ ਕੁੱਲ ਮਾਮਲੇ 145 ਹੋਏ

ਨਵੀਂ ਦਿੱਲੀ/ਮੁੰਬਈ (ਭਾਸ਼ਾ)— ਬਿ੍ਰਟੇਨ ਤੋਂ ਹਾਲ ’ਚ ਗੁਜਰਾਤ ਆਇਆ 45 ਸਾਲਾ ਇਕ ਪ੍ਰਵਾਸੀ ਭਾਰਤੀ ਅਤੇ ਇਕ ਕਿਸ਼ੋਰ ਕੋਵਿਡ-19 ਦੇ ਓਮੀਕਰੋਨ ਤੋਂ ਪੀੜਤ ਪਾਏ ਗਏ ਹਨ। ਇਸ ਦੇ ਨਾਲ ਹੀ ਸੂਬੇ ਵਿਚ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਵਧ ਕੇ 9 ਹੋ ਗਈ ਹੈ। ਭਾਰਤ ’ਚ ਇਸ ਦੇ ਕੁੱਲ ਮਾਮਲੇ ਵਧ ਕੇ ਐਤਵਾਰ ਨੂੰ 145 ਹੋ ਗਏ ਹਨ। ਕੇਂਦਰ ਅਤੇ ਸੂਬੇ ਦੇ ਅਧਿਕਾਰੀਆਂ ਮੁਤਾਬਕ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਮਹਾਰਾਸ਼ਟਰ (48), ਦਿੱਲੀ (22), ਰਾਜਸਥਾਨ (17), ਕਰਨਾਟਕ (14), ਤੇਲੰਗਾਨਾ (20) ਗੁਜਰਾਤ (9), ਕੇਰਲ (11), ਆਂਧਰਾ ਪ੍ਰਦੇਸ਼ (1), ਚੰਡੀਗੜ੍ਹ (1), ਤਾਮਿਲਨਾਡੂ (1) ਅਤੇ ਪੱਛਮੀ ਬੰਗਾਲ (1) ਵਿਚ ਓਮੀਕਰੋਨ ਦੇ ਮਾਮਲਿਆਂ ਦਾ ਪਤਾ ਲੱਗਾ ਹੈ।

ਸ਼ਨੀਵਾਰ ਨੂੰ ਮਹਾਰਾਸ਼ਟਰ ’ਚ 8 ਹੋਰ ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ ਤੇਲੰਗਾਨਾ ਵਿਚ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ 8 ਤੋਂ ਵੱਧ ਕੇ 20 ਹੋ ਗਈ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਗੁਜਰਾਤ ਵਿਚ ਇਕ ਪ੍ਰਵਾਸੀ ਭਾਰਤੀ ਦੀ 15 ਦਸੰਬਰ ਨੂੰ ਬਿ੍ਰਟੇਨ ਤੋਂ ਆਉਣ ਤੋਂ ਬਾਅਦ ਅਹਿਮਦਾਬਾਦ ਕੌਮਾਂਤਰੀ ਹਵਾਈ ਅੱਡੇ ’ਤੇ ਆਰ. ਟੀ-ਪੀ. ਸੀ. ਆਰ. ਜਾਂਚ ਕੀਤੀ ਗਈ, ਜਿਸ ’ਚ ਉਹ ਪੀੜਤ ਪਾਇਆ ਗਿਆ। ਸਿਹਤ ਵਿਭਾਗ ਮੁਤਾਬਕ ਮਹਾਰਾਸ਼ਟਰ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਦੇ 8 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਨਾਲ ਸੂਬੇ ਵਿਚ ਵਿਚ ਕੁੱਲ ਗਿਣਤੀ ਵਧ ਕੇ 48 ਹੋ ਗਈ ਹੈ। ਇਨ੍ਹਾਂ ’ਚੋਂ 28 ਮਰੀਜ਼ ਪਹਿਲਾਂ ਹੀ ਠੀਕ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਦਾ ਸਭ ਤੋਂ ਪਹਿਲਾ ਪਤਾ 24 ਨਵੰਬਰ ਨੂੰ ਦੱਖਣੀ ਅਫ਼ਰੀਕਾ ਵਿਚ ਪਤਾ ਲੱਗਾ ਸੀ। ਭਾਰਤ ਵਿਚ ਇਸ ਦੇ ਪਹਿਲੇ ਦੋ ਮਾਮਲੇ ਕਰਨਾਟਕ ’ਚ 2 ਦਸੰਬਰ ਨੂੰ ਸਾਹਮਣੇ ਆਏ ਸਨ।


author

Tanu

Content Editor

Related News