ਧਾਰਮਿਕ ਪ੍ਰੋਗਰਾਮ ''ਚ ਖਾਣਾ ਖਾਣ ਮਗਰੋਂ 2 ਹਜ਼ਾਰ ਲੋਕਾਂ ਨੂੰ ਹੋਣ ਲੱਗੀਆਂ ਉਲਟੀਆਂ, ਹਸਪਤਾਲਾਂ ''ਚ ਦਾਖ਼ਲ
Wednesday, Feb 07, 2024 - 02:11 PM (IST)
ਛਤਰਪਤੀ ਸੰਭਾਜੀਨਗਰ- ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਇਕ ਪਿੰਡ 'ਚ ਆਯੋਜਿਤ ਇਕ ਧਾਰਮਿਕ ਪ੍ਰੋਗਰਾਮ 'ਚ ਖਾਣਾ ਖਾਣ ਮਗਰੋਂ 2,000 ਲੋਕ ਬੀਮਾਰ ਪੈ ਗਏ। ਲੋਹਾ ਤਹਿਸੀਲ ਖੇਤਰ ਦੇ ਕੋਸ਼ਤਵਾੜੀ ਪਿੰਡ 'ਚ ਮੰਗਲਵਾਰ ਨੂੰ ਧਾਰਮਿਕ ਉਪਦੇਸ਼ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿੱਥੇ ਸ਼ਾਮ ਕਰੀਬ 5 ਵਜੇ ਸਥਾਨਕ ਲੋਕਾਂ ਨਾਲ ਆਲੇ-ਦੁਆਲੇ ਦੇ ਸਾਵਰਗਾਂਵ, ਪੋਸਟਵਾੜੀ, ਰਿਸਾਨਗਾਂਵ ਅਤੇ ਮਸਕੀ ਪਿੰਡਾਂ ਦੇ ਲੋਕ ਇਕੱਠੇ ਹੋਏ ਅਤੇ ਸਾਰਿਆਂ ਨੇ ਰੋਟੀ ਖਾਧੀ।
ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਤੜਕੇ ਲੋਕਾਂ ਨੂੰ ਉਲਟੀ ਅਤੇ ਦਸਤ ਦੀ ਸ਼ਿਕਾਇਤ ਹੋਣ ਲੱਗੀ। ਸ਼ੁਰੂਆਤ 'ਚ 150 ਲੋਕਾਂ ਨੂੰ ਨਾਂਦੇੜ ਦੇ ਲੋਹਾ ਦੇ ਸਬ-ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਬਾਅਦ ਵਿਚ ਹੋਰ ਲੋਕਾਂ ਨੂੰ ਵੀ ਇਸ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਹੋਣ ਲੱਗੀਆਂ, ਜਿਸ ਤੋਂ ਬਾਅਦ 870 ਮਰੀਜ਼ਾਂ ਨੂੰ ਹੋਰਨਾਂ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ।
ਸਥਿਤੀ ਨੂੰ ਵੇਖਦੇ ਹੋਏ ਲੋੜ ਪੈਣ 'ਤੇ ਨਾਂਦੇੜ ਦੇ ਸਰਕਾਰੀ ਆਯੁਵੈਦਿਕ ਹਸਪਤਾਲ 'ਚ ਹੋਰ ਵੀ ਬਿਸਤਿਆਂ ਦੀ ਵਿਵਸਥਾ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਲਈ ਮਰੀਜ਼ਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਪ੍ਰਭਾਵਿਤ ਪਿੰਡਾਂ ਵਿਚ ਸਰਵੇ ਲਈ 5 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਇਕ ਟੀਮ ਦਾ ਵੀ ਗਠਨ ਕੀਤਾ ਗਿਆ ਹੈ। ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਇਲਾਜ ਮਗਰੋਂ ਉਨ੍ਹਾਂ ਨੂੰ ਘਰ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।