ਪਰਿਵਾਰ ਨਾਲ ਵਿਵਾਦ ਤੋਂ ਬਾਅਦ 2 ਸਕੀਆਂ ਭੈਣਾਂ ਨੇ ਨਿਰਮਾਣ ਅਧੀਨ ਇਮਾਰਤ ਦੀ 11ਵੀਂ ਮੰਜ਼ਿਲ ਤੋਂ ਮਾਰੀ ਛਾਲ

Saturday, Sep 10, 2022 - 03:15 PM (IST)

ਪਰਿਵਾਰ ਨਾਲ ਵਿਵਾਦ ਤੋਂ ਬਾਅਦ 2 ਸਕੀਆਂ ਭੈਣਾਂ ਨੇ ਨਿਰਮਾਣ ਅਧੀਨ ਇਮਾਰਤ ਦੀ 11ਵੀਂ ਮੰਜ਼ਿਲ ਤੋਂ ਮਾਰੀ ਛਾਲ

ਨੋਇਡਾ  (ਭਾਸ਼ਾ)- ਨੋਇਡਾ ਦੇ ਸੈਕਟਰ-39 ਥਾਣਾ ਖੇਤਰ ਦੀ ਸਦਰਪੁਰ ਕਾਲੋਨੀ 'ਚ ਰਹਿਣ ਵਾਲੀਆਂ 2 ਸਕੀਆਂ ਭੈਣਾਂ ਨੇ ਸ਼ਨੀਵਾਰ ਤੜਕੇ ਇਕ ਨਿਰਮਾਣ ਅਧੀਨ ਇਮਾਰਤ ਦੀ 11ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਘਟਨਾ 'ਚ ਇਕ ਭੈਣ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਨੂੰ ਇਲਾਜ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਹਾਇਕ ਪੁਲਸ ਕਮਿਸ਼ਨਰ ਰਜਨੀਸ਼ ਵਰਮਾ ਨੇ ਦੱਸਿਆ ਕਿ ਸਦਰਪੁਰ ਕਾਲੋਨੀ ਵਿਚ ਰਹਿਣ ਵਾਲੀਆਂ 2 ਭੈਣਾਂ ਨਿੱਕੀ (18) ਅਤੇ ਪੱਲਵੀ (16) ਬੀਤੀ ਰਾਤ ਕਿਸੇ ਗੱਲ ਨੂੰ ਲੈ ਕੇ ਗੁੱਸੇ ਵਿਚ ਆ ਕੇ ਘਰੋਂ ਨਿਕਲ ਗਈਆਂ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਨੇੜੇ-ਤੇੜੇ ਦੀਆਂ ਥਾਂਵਾਂ 'ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।

ਵਰਮਾ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਦੋਵੇਂ ਭੈਣਾਂ ਨੇ ਸੈਕਟਰ-96 ਸਥਿਤ ਇਕ ਨਿਰਮਾਣ ਅਧੀਨ ਇਮਾਰਤ ਦੀ 11ਵੀਂ ਮੰਜ਼ਿਲ ਤੋਂ ਉਥੋਂ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਨਿੱਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪੱਲਵੀ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਦਿੱਲੀ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਹਾਇਕ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਦੋਵੇਂ ਵਿਦਿਆਰਥਣਾਂ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਨਾਰਾਜ਼ ਹੋ ਕੇ ਦੋਵੇਂ ਘਰੋਂ ਨਿਕਲ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News