ਅਨੁਪਮ ਖੇਰ ਦੀ ਤਸਵੀਰ ਵਾਲੇ 500-500 ਦੇ ਨੋਟਾਂ ਨਾਲ ਵਪਾਰੀ ਕੋਲੋਂ ਖਰੀਦਿਆ 2 ਕਿਲੋ ਸੋਨਾ
Monday, Sep 30, 2024 - 05:55 PM (IST)
ਅਹਿਮਦਾਬਾਦ (ਭਾਸ਼ਾ)- ਗੁਜਰਾਤ 'ਚ 2 ਅਣਪਛਾਤੇ ਵਿਅਕਤੀਆਂ ਨੇ ਅਦਾਕਾਰ ਅਨੁਪਮ ਖੇਰ ਦੀ ਤਸਵੀਰ ਵਾਲੇ ਨਕਲੀ ਨੋਟ ਦੇ ਕੇ ਇਕ ਸਰਾਫਾ ਕਾਰੋਬਾਰੀ ਦਾ 2.1 ਕਿਲੋ ਸੋਨਾ ਲੈ ਕੇ ਫਰਾਰ ਹੋ ਗਏ। ਕਾਰੋਬਾਰੀ ਮੇਹੁਲ ਠੱਕਰ ਨੇ ਨਵਰੰਗਪੁਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਉਸ ਨੇ ਦੱਸਿਆ ਕਿ ਕਿਵੇਂ ਉਸ ਨੂੰ 500 ਰੁਪਏ ਦੇ ਨਕਲੀ ਨੋਟਾਂ ਦੇ 26 ਬੰਡਲ ਸੌਂਪ ਕੇ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ। ਇਹ ਘਟਨਾ 24 ਸਤੰਬਰ ਨੂੰ ਵਾਪਰੀ ਜਦੋਂ ਅਣਪਛਾਤੇ ਵਿਅਕਤੀਆਂ ਨੇ 2.1 ਕਿਲੋ ਸੋਨੇ ਦੇ ਬਦਲੇ ਠੱਕਰ ਦੇ ਕਰਮਚਾਰੀਆਂ ਨੂੰ ਨਕਲੀ ਨੋਟਾਂ ਦੇ ਬੰਡਲ ਫੜਾਏ, ਜਿਨ੍ਹਾਂ 'ਤੇ 'ਰੀਸੋਲ ਬੈਂਕ ਆਫ਼ ਇੰਡੀਆ' ਲਿਖਿਆ ਸੀ। ਸ਼ਿਕਾਇਤ ਮੁਤਾਬਕ ਠੱਕਰ ਨੂੰ ਗਹਿਣਿਆਂ ਦੀ ਦੁਕਾਨ ਦੇ ਮਾਲਕ ਅਤੇ ਜਾਣਕਾਰ ਪ੍ਰਸ਼ਾਂਤ ਪਟੇਲ ਦਾ ਫੋਨ ਆਇਆ। ਪਟੇਲ ਨੇ 2.1 ਕਿਲੋ ਸੋਨਾ ਖਰੀਦਣ ਦੀ ਗੱਲ ਕਹੀ, ਜਿਸ ਲਈ 1.60 ਕਰੋੜ ਰੁਪਏ ਦੀ ਰਕਮ ਤੈਅ ਹੋਈ। ਠੱਕਰ ਨੂੰ ਅੰਦਾਜਾ ਵੀ ਨਹੀਂ ਸੀ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਣ ਜਾ ਰਿਹਾ ਹੈ।
ਠੱਕਰ ਨੇ ਆਪਣੇ ਸਟਾਫ਼ ਨੂੰ 24 ਸਤੰਬਰ ਨੂੰ ਪਟੇਲ ਨਾਲ 'ਅੰਗੜੀਆ ਪੇੜੀ' (ਹਵਾਲਾ) ਦਫ਼ਤਰ 'ਚ ਮਿਲਣ ਲਈ ਕਿਹਾ। ਜਦੋਂ ਕਰਮਚਾਰੀ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਤਿੰਨ ਵਿਅਕਤੀ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ 500 ਰੁਪਏ ਦੇ ਨੋਟਾਂ ਦੇ ਬੰਡਲ ਫੜਾ ਦਿੱਤੇ। ਤਿੰਨਾਂ ਵਿਅਕਤੀਆਂ ਨੇ ਮੁਲਾਜ਼ਮਾਂ ਨੂੰ ਮਸ਼ੀਨ ਮੁਹੱਈਆ ਕਰਵਾਈ ਅਤੇ 'ਪੈਸੇ' ਗਿਣਨ ਲਈ ਕਿਹਾ। ਇਸ ਤੋਂ ਬਾਅਦ ਉਨ੍ਹਾਂ 'ਚੋਂ 2 ਲੋਕ ਬਾਕੀ 30 ਲੱਖ ਰੁਪਏ ਲਿਆਉਣ ਦੇ ਬਹਾਨੇ ਸੋਨੇ ਦੇ ਬਿਸਕੁਟ ਲੈ ਕੇ ਚਲੇ ਗਏ, ਜਦਕਿ ਤੀਜਾ ਵਿਅਕਤੀ ਉੱਥੇ ਹੀ ਰੁਕ ਗਿਆ। ਸ਼ਿਕਾਇਤ ਅਨੁਸਾਰ ਜਦੋਂ ਠੱਕਰ ਦੇ ਮੁਲਾਜ਼ਮਾਂ ਨੇ ਗਿਣਨ ਲਈ ਪਲਾਸਟਿਕ ਦੀ ਪੰਨੀ 'ਚੋਂ ਨੋਟ ਬਾਹਰ ਕੱਢੇ ਤਾਂ ਵੇਖਿਆ ਕਿ ਨੋਟ ਨਕਲੀ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਤੀਜੇ ਵਿਅਕਤੀ ਤੋਂ ਪੁੱਛ-ਗਿੱਛ ਕੀਤੀ। ਸ਼ਿਕਾਇਤ ਦੇ ਅਨੁਸਾਰ, ਤੀਜੇ ਵਿਅਕਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਿਰਫ਼ 'ਅੰਗੜੀਆ ਪੇੜੀ' ਲਈ ਨੋਟ ਗਿਣਨ ਵਾਲੀ ਮਸ਼ੀਨ ਦੇਣ ਆਇਆ ਸੀ। ਸ਼ਿਕਾਇਤ ਅਨੁਸਾਰ ਬਾਅਦ 'ਚ ਇਹ ਵੀ ਪਤਾ ਲੱਗਾ ਕਿ ਘਟਨਾ ਤੋਂ 2 ਦਿਨ ਪਹਿਲੇ ਹੀ ਦੋਸ਼ੀਆਂ ਨੇ ਉਕਤ ਅੰਗੜੀਆ ਦਫ਼ਤਰ ਖੋਲ੍ਹਿਆ ਸੀ। ਇਸ ਤੋਂ ਬਾਅਦ 2 ਅਣਪਛਾਤੇ ਸ਼ੱਕੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਪੁਲਸ ਨੇ ਇਸ ਧੋਖਾਧੜੀ 'ਚ ਸ਼ਾਮਲ ਅਪਰਾਧੀਆਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8