238 ਟਨ ਆਕਸੀਜਨ ਲੈ ਕੇ ਬੇਂਗਲੁਰੂ ਪੁੱਜੀਆਂ ਦੋ ‘ਆਕਸੀਜਨ ਐਕਸਪ੍ਰੈੱਸ’ ਟਰੇਨਾਂ

Tuesday, May 25, 2021 - 04:27 PM (IST)

ਬੇਂਗਲੁਰੂ (ਭਾਸ਼ਾ)— ਦੋ ਹੋਰ ਆਕਸੀਜਨ ਐਕਸਪ੍ਰੈੱਸ ਟਰੇਨਾਂ 238 ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਬੇਂਗਲੁਰੂ ਪਹੁੰਚੀਆਂ। ਦੱਖਣੀ-ਪੱਛਮੀ ਰੇਲਵੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕਰਨਾਟਕ ਨੂੰ ਜੀਵਨ ਰੱਖਿਅਕ ਗੈਸ ਪਹੁੰਚਾਉਣ ਵਾਲੀ 11ਵੀਂ ਅਤੇ 12ਵੀਂ ਟਰੇਨਾਂ ਹਨ। ਇਨ੍ਹਾਂ ਟਰੇਨਾਂ ਨੇ ਹੁਣ ਤੱਕ ਸੂਬੇ ਨੂੰ 1,420.64 ਟਨ ਮੈਡੀਕਲ ਆਕਸੀਜਨ ਪਹੁੰਚਾਈ ਹੈ। ਦੱਖਣੀ-ਪੱਛਮੀ ਰੇਲਵੇ ਦੇ ਇਕ ਬਿਆਨ ਮੁਤਾਬਕ 6 ਕ੍ਰਾਯੋਜੇਨਿਕ ਕੰਟੇਨਰਾਂ ’ਚ 124.19 ਟਨ ਤਰਲ ਮੈਡੀਕਲ ਆਕਸੀਜਨ ਲੈ ਕੇ 11ਵੀਂ ਆਕਸੀਜਨ ਐਕਸਪ੍ਰੈੱਸ 23 ਮਈ ਨੂੰ ਓਡੀਸ਼ਾ ਦੇ ਰਾਊਰਕੇਲਾ ਤੋਂ ਰਾਤ ਕਰੀਬ ਸਾਢੇ 9 ਵਜੇ ਰਵਾਨਾ ਹੋਈ ਸੀ, ਜੋ ਅੱਜ ਸਵੇਰੇ 6 ਵਜ ਕੇ 10 ਮਿੰਟ ’ਤੇ ਇੱਥੇ ਆਈ. ਸੀ. ਡੀ. ਵ੍ਹਾਈਟਫੀਲਡ ਪਹੁੰਚੀ। 

ਰੇਲਵੇ ਮੁਤਾਬਕ 12ਵੀਂ ਐਕਸਪ੍ਰੈੱਸ ਸਵੇਰੇ 9 ਵਜ ਕੇ 49 ਮਿੰਟ ’ਤੇ ਆਈ. ਸੀ. ਡੀ. ਪਹੁੰਚੀ। ਇਹ ਟਰੇਨ 6 ਕ੍ਰਾਯੋਜੇਨਿਕ ਕੰਟੇਨਰਾਂ ’ਚ 114.31 ਟਨ ਆਕਸੀਜਨ ਲੈ ਕੇ ਆਈ ਹੈ। ਇਹ 24 ਮਈ ਨੂੰ ਤੜਕਸਾਰ ਸਾਢੇ 4 ਵਜੇ ਗੁਜਰਾਤ ਦੇ ਜਾਮਨਗਰ ਸਥਿਤ ਕਨਾਲੁਸ ਤੋਂ ਤਰਲ ਮੈਡੀਕਲ ਆਕਸੀਜਨ ਲੈ ਕੇ ਰਵਾਨਾ ਹੋਈ ਸੀ। ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਦੌਰਾਨ ਚੱਕਰਵਾਤ ‘ਯਾਸ’ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤੀ ਰੇਲਵੇ ਆਕਸੀਜਨ ਦੀ ਸਮੇਂ ’ਤੇ ਢੋਆ-ਢੋਆਈ ਕਰ ਰਿਹਾ ਹੈ। ਰੇਲਵੇ ਨੇ ਇਨ੍ਹਾਂ ਆਕਸੀਜਨ ਐਕਸਪ੍ਰੈੱਸਾਂ ਦੀ ਖਾਤਰ ਸਿਗਨਲ ਮੁਕਤ ‘ਗ੍ਰੀਨ ਕੋਰੀਡੋਰ’ ਬਣਾ ਰੱਖਿਆ ਹੈ। ਇਨ੍ਹਾਂ ਟਰੇਨਾਂ ਨੂੰ ਕ੍ਰਾਸਿੰਗ ਜਾਂ ਕਿਸੇ ਹੋਰ ਟਰੇਨਾਂ ਦੇ ਲੰਘਣ ਦੀ ਉਡੀਕ ਕੀਤੇ ਬਿਨਾਂ ਲਗਾਤਾਰ ਅੱਗੇ ਵਧਣ ਦੀ ਸਹੂਲਤ ਹੁੰਦੀ ਹੈ। ਭਾਰਤੀ ਰੇਲਵੇ ਨੇ ਕੋਵਿਡ-19 ਖ਼ਿਲਾਫ਼ ਜੰਗ ’ਚ ਮਦਦ ਲਈ 247 ਤੋਂ ਵੱਧ ਆਕਸੀਜਨ ਐਕਸਪ੍ਰੈੱਸ ਟਰੇਨਾਂ ਚਲਾਈਆਂ ਹਨ ਅਤੇ 16,000 ਤੋਂ ਵੱਧ ਟਨ ਆਕਸੀਜਨ ਦੇਸ਼ ਭਰ ਵਿਚ ਪਹੁੰਚਾਈ ਹੈ।


Tanu

Content Editor

Related News