ਜੰਮੂ ਕਸ਼ਮੀਰ : ਅੱਤਵਾਦੀ ਸਾਜਿਸ਼ ਨਾਕਾਮ, ਰਾਜੌਰੀ ''ਚ 2 IED ਕੀਤੇ ਗਏ ਨਸ਼ਟ

01/23/2023 1:33:19 PM

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਇਕ ਵਿਸਫ਼ੋਟ ਕਰ ਕੇ 2 ਆਈ.ਈ.ਡੀ. ਨਸ਼ਟ ਕੀਤੇ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ, ਫ਼ੌਜ ਅਤੇ ਸੀ.ਆਰ.ਪੀ.ਐੱਫ. (ਕੇਂਦਰੀ ਰਿਜ਼ਰਵ ਪੁਲਸ ਫ਼ੋਰਸ) ਦੀ ਸੰਯੁਕਤ ਮੁਹਿੰਮ ਦੌਰਾਨ ਰਾਜੌਰੀ ਸ਼ਹਿਰ ਤੋਂ 4 ਕਿਲੋਮੀਟਰ ਦੂਰ ਦਸਲ ਪਿੰਡ ਤੋਂ ਐਤਵਾਰ ਸ਼ਾਮ ਆਈ.ਈ.ਡੀ. ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਈ.ਈ.ਡੀ. ਦਾ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਪਤਾ ਲਗਾਇਆ ਗਿਆ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਆਈ.ਈ.ਡੀ. ਨੂੰ ਸ਼ਹਿਰ ਤੋਂ 30 ਕਿਲੋਮੀਟਰ ਦੂਰ ਚਿਨਗੁਸ ਜੰਗਲਾਤ ਖੇਤਰ 'ਚ ਬੰਬ ਨਿਰੋਧਕ ਦਸਤੇ ਨੇ ਇਕ ਕੰਟਰੋਲ ਵਿਸਫ਼ੋਟ ਕਰ ਕੇ ਨਸ਼ਟ ਕਰ ਦਿੱਤਾ। ਜੰਮੂ ਕਸ਼ਮੀਰ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਸੰਪੰਨ ਹੋਣ ਦੇ ਪ੍ਰੋਗਰਾਮ ਅਤੇ ਗਣਤੰਤਰ ਦਿਵਸ ਦੇ ਨੇੜੇ ਆਉਣ ਦੇ ਮੱਦੇਨਜ਼ਰ ਸੂਬੇ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਫ਼ੋਰਸਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜੰਮੂ ਦੇ ਨਰਵਾਲ 'ਚ ਸ਼ਨੀਵਾਰ ਨੂੰ 2 ਧਮਾਕਿਆਂ 'ਚ 9 ਲੋਕਾਂ ਦੇ ਜ਼ਖ਼ਮੀ ਹੋਣ ਅਤੇ ਰਾਜੌਰੀ 'ਚ ਖੇਓਰਾ ਪਿੰਡ ਤੋਂ ਪਿਛਲੇ ਹਫ਼ਤੇ ਆਈ.ਈ.ਡੀ. ਮਿਲਣ ਦੀਆਂ ਘਟਨਾਵਾਂ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਲਈ ਇਕ ਤਾਜ਼ਾ ਅਲਰਟ ਜਾਰੀ ਕੀਤਾ ਗਿਆ ਹੈ।


DIsha

Content Editor

Related News