ਛੱਤੀਸਗੜ੍ਹ ’ਚ DRG ਅਤੇ ਨਕਸਲੀਆਂ ਵਿਚਾਲੇ ਮੁਕਾਬਲਾ, 2 ਜਵਾਨ ਜ਼ਖਮੀ
Sunday, Mar 13, 2022 - 02:10 PM (IST)
 
            
            ਰਾਏਪੁਰ (ਭਾਸ਼ਾ)– ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ’ਚ ਐਤਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ’ਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀ. ਆਰ. ਜੀ.) ਦੇ ਦੋ ਜਵਾਨ ਜ਼ਖਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬਸਤਰ ਰੇਂਜ ਦੇ ਇੰਸਪੈਕਟਰ ਜਨਰਲ ਪੀ. ਸੁੰਦਰਰਾਜ ਨੇ ਦੱਸਿਆ ਕਿ ਮੁਕਾਬਲਾ ਸਵੇਰੇ ਕੇਰਲਾਪਾਲ ਪੁਲਸ ਥਾਣੇ ਅਧੀਨ ਚਿਛੋਰਗੁਡਾ ਪਿੰਡ ਦੇ ਨੇੜੇ ਜੰਗਲਾਂ ’ਚ ਉਸ ਸਮੇਂ ਹੋਇਆ, ਜਦੋਂ ਸੂਬੇ ਦੇ ਨਕਸਲ ਰੋਕੂ ਫੋਰਸ ਡੀ. ਆਰ. ਜੀ. ਦੇ ਜਵਾਨ ਸੜਕ ਨਿਰਮਾਣ ਦੌਰਾਨ ਸੁਰੱਖਿਆ ਯਕੀਨੀ ਕਰਨ ਲਈ ਗਸ਼ਤ ਕਰ ਰਹੇ ਸਨ।
ਸੁੰਦਰਰਾਜ ਨੇ ਦੱਸਿਆ ਕਿ ਮੁਕਾਬਲੇ ’ਚ ਡੀ. ਆਰ. ਜੀ. ਕਾਂਸਟੇਬਲ ਸੋਮਦੁ ਪਯਮ ਅਤੇ ਸਹਾਇਕ ਕਾਂਸਟੇਬਲ ਮੇਹਰੂ ਰਾਮ ਕਸ਼ਯਪ ਜ਼ਖਮੀ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਘਟਨਾ ਮਗਰੋਂ ਹੋਰ ਸੁਰੱਖਿਆ ਫੋਰਸ ਮੌਕੇ ’ਤੇ ਭੇਜਿਆ ਗਿਆ ਅਤੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਸੁਕਮਾ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            