ਵਿਆਹ ਵਾਲੇ ਘਰ ਪਏ ਵੈਣ, ਸੜਕ ਹਾਦਸੇ ''ਚ ਦੋ ਸਕੇ ਭਰਾਵਾਂ ਦੀ ਮੌਤ
Tuesday, Feb 18, 2020 - 02:03 PM (IST)

ਬਦਾਯੂੰ (ਵਾਰਤਾ)— ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਕੋਤਵਾਲੀ ਬਿਸੌਲੀ ਖੇਤਰ ਵਿਚ ਸੋਮਵਾਰ ਭਾਵ ਕੱਲ ਦੇਰ ਰਾਤ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਡਾ. ਸੁਰਿੰਦਰ ਪ੍ਰਤਾਪ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਇਸਲਾਮਨਗਰ ਮਾਰਗ 'ਤੇ ਬੀਤੀ ਰਾਤ ਫਤਿਹਪੁਰ ਨੇੜੇ ਪਿੰਡ ਏਪੁਰਾ ਵਾਸੀ ਅਨੇਕਪਾਲ (25) ਅਤੇ ਨੀਟੂ ਪਾਲ (28) ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਪਰਤ ਰਹੇ ਸਨ ਕਿ ਉਲਟ ਦਿਸ਼ਾ ਤੋਂ ਆ ਰਹੀ ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਨੇ ਦੋਹਾਂ ਨੂੰ ਕੁਚਲ ਦਿੱਤਾ। ਹਾਦਸੇ 'ਚ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਦੋਵੇਂ ਕਾਫੀ ਦੂਰ ਜਾ ਡਿੱਗੇ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪਹੁੰਚੀ ਪੁਲਸ ਨੇ ਦੋਹਾਂ ਨੂੰ ਹਸਪਤਾਲ ਭਿਜਵਾਇਆ, ਜਿੱਥੇ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਘਟਨਾ ਤੋਂ ਬਾਅਦ ਟਰੈਕਟਰ ਡਰਾਈਵਰ ਟਰੈਕਟਰ-ਟਰਾਲੀ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਦੋਵੇਂ ਭਰਾ ਆਪਣੇ ਛੋਟੇ ਭਰਾ ਮੁਕੇਸ਼ ਦੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਦੀ ਪਹਿਲੀ ਵਿਦਾਈ ਕਰਾਉਣ ਤੋਂ ਬਾਅਦ ਵਾਪਸ ਆਪਣੇ ਪਿੰਡ ਪਰਤ ਰਹੇ ਸਨ। ਮ੍ਰਿਤਕਾਂ ਦੇ ਭਰਾ ਬਲੇਸ਼ਵਰ ਸਿੰਘ ਨੇ ਦੱਸਿਆ ਕਿ ਦੋਵੇਂ ਭਰਾ ਆਪਣੀ ਭਰਜਾਈ ਨੂੰ ਦਵਾਈ ਦਿਵਾਉਣ ਲਈ ਬਿਸੌਲੀ 'ਚ ਰੁੱਕ ਗਏ ਸਨ। ਬਾਕੀ ਲੋਕ ਗੱਡੀ ਤੋਂ ਪਿੰਡ ਨੂੰ ਰਵਾਨਾ ਹੋ ਗਏ ਸਨ। ਪਿਛਲੀ 12 ਫਰਵਰੀ ਨੂੰ ਹੀ ਛੋਟੇ ਭਰਾ ਮੁਕੇਸ਼ ਦਾ ਵਿਆਹ ਹੋਇਆ ਸੀ। ਇਸ ਦਰਦਨਾਕ ਹਾਦਸੇ 'ਚ ਭਰਾਵਾਂ ਦੀ ਮੌਤ ਤੋਂ ਬਾਅਦ ਵਿਆਹ ਵਾਲੇ ਘਰ ਮਾਤਮ ਛਾ ਗਿਆ ਹੈ।