ਇਮਰਾਨ ਨੇ ਚੁੱਕਿਆ ਕਸ਼ਮੀਰ ਦਾ ਮੁੱਦਾ ਤਾਂ ਟਰੰਪ ਨੇ ਕਿਹਾ ‘ਭਾਰਤ ਨਾਲ ਸਾਡੇ ਚੰਗੇ ਸਬੰਧ’

Monday, Sep 23, 2019 - 11:55 PM (IST)

ਇਮਰਾਨ ਨੇ ਚੁੱਕਿਆ ਕਸ਼ਮੀਰ ਦਾ ਮੁੱਦਾ ਤਾਂ ਟਰੰਪ ਨੇ ਕਿਹਾ ‘ਭਾਰਤ ਨਾਲ ਸਾਡੇ ਚੰਗੇ ਸਬੰਧ’

ਨਿਊਯਾਰਕ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ ’ਤੇ ਇਕ ਵਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਗੱਲ ਆਖੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਦੋ-ਪੱਖੀ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਆਖਿਆ ਕਿ ਕਸ਼ਮੀਰ ਮੁੱਦੇ ’ਤੇ ਜੇਕਰ ਦੋਵੇਂ ਦੇਸ਼ ਫਿਰ ਤੋਂ ਸਹਿਮਤੀ ਨਾਲ ਵਿਚੋਲਗੀ ਕਰਨ ਦੀ ਪੇਸ਼ਕਸ਼ ਕਰਨਗੇ ਤਾਂ ਮੈਂ ਇਸ ਦੇ ਲਈ ਤਿਆਰ ਹਾਂ। ਉਨ੍ਹਾਂ ਆਖਿਆ ਕਿ ਇਹ ਇਕ ਅਹਿਮ ਮੁੱਦਾ ਹੈ। ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਜੇਕਰ ਦੋਵੇਂ ਦੇਸ਼ ਅਜਿਹਾ ਚਾਹੁੰਦੇ ਹਨ ਤਾਂ ਮੈਂ ਇਹ ਵਿਚੋਲਗੀ ਕਰਨ ਲਈ ਤਿਆਰ ਰਹਾਂਗਾ।

ਟਰੰਪ ਪੱਤਰਕਾਰਾਂ ਦੇ ਸਵਾਲਾਂ ’ਤੇ ਮਜ਼ਾਕ ਵੀ ਕਰਦੇ ਰਹੇ। ਇਕ ਪੱਤਰਕਾਰ ਨੇ ਆਖਿਆ ਕਿ ਅਮਰੀਕਾ ਦੇ ਇੰਨੇ ਚੰਗੇ ਰਾਸ਼ਟਰਪਤੀ ਪਹਿਲੀ ਵਾਰ ਬਣੇ ਹਨ ਇਸ ’ਤੇ ਟਰੰਪ ਬੋਲੇ ਕਿ ਤੁਸੀਂ ਇਹ ਮੰਨਦੇ ਹੋ ਪਰ ਮੈਂ ਤਾਂ ਪਾਕਿਸਤਾਨ ’ਤੇ ਕਾਫੀ ਸਖਤ ਹਾਂ। ਟਰੰਪ ਨੇ ਆਖਿਆ ਕਿ ਨਿਊਯਾਰਕ ’ਚ ਕਾਫੀ ਪਾਕਿਸਤਾਨੀ ਰਹਿੰਦੇ ਹਨ ਜੋ ਕਾਫੀ ਚੰਗੇ ਹਨ। ਰਾਸ਼ਟਰਪਤੀ ਨੇ ਆਖਿਆ ਕਿ ਮੇਰੇ ਪੀ. ਐੱਮ. ਮੋਦੀ ਨਾਲ ਅਤੇ ਪੀ. ਐੱਮ. ਇਮਰਾਨ ਖਾਨ ਨਾਲ ਚੰਗੇ ਸਬੰਧ ਹਨ।

ਇਕ ਪੱਤਰਕਾਰ ਨੇ ਆਖਿਆ ਕਿ ਕਸ਼ਮੀਰ ਸਮੱਸਿਆ ਦਾ ਹੱਲ ਕੱਢਣ ’ਤੇ ਤੁਹਾਨੂੰ ਨੋਬੇਲ ਪੁਰਸਕਾਰ ਮਿਲ ਸਕਦਾ ਹੈ, ਇਸ ’ਤੇ ਟਰੰਪ ਬੋਲੇ ਕਿ ਕਈ ਚੀਜ਼ਾਂ ਹਨ, ਜਿਸ ’ਤੇ ਮੈਨੂੰ ਨੋਬੇਲ ਮਿਲ ਸਕਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਬਰਾਕ ਓਬਾਮਾ ਨੂੰ ਨੋਬੇਲ ਮਿਲ ਗਿਆ ਸੀ ਤਾਂ ਉਨ੍ਹਾਂ ਨੂੰ ਵੀ ਨਹੀਂ ਪਤਾ ਸੀ ਕਿ ਕਿਉਂ ਮਿਲ ਗਿਆ। ਇਕ ਹੋਰ ਪੱਤਰਕਾਰ ਨੇ ਆਖਿਆ ਕਿ ਕਸ਼ਮੀਰ ’ਚ 50 ਦਿਨਾਂ ਤੋਂ ਇੰਟਰਨੈੱਟ ਅਤੇ ਹੋਰ ਸਹੂਲਤਾਂ ਬੰਦ ਹਨ। ਇਸ ’ਤੇ ਟਰੰਪ ਬੋਲੇ ਕਿ ਅਜਿਹੇ ਪੱਤਰਕਾਰ ਤੁਸੀਂ ਕਿਥੋਂ ਲੈ ਕੇ ਆਉਂਦੇ ਹੋ। ਮੁਲਾਕਾਤ ਦੌਰਾਨ ਇਮਰਾਨ ਗੁਆਂਢੀ ਮੁਲਕਾਂ ਦੀ ਚਰਚਾ ਕਰ ਰਹੇ ਸਨ ਉਨ੍ਹਾਂ ਨੇ ਅਫਗਾਨਿਸਤਾਨ, ਭਾਰਤ ਅਤੇ ਈਰਾਨ ਦਾ ਜ਼ਿਕਰ ਕੀਤਾ। ਇਸ ’ਤੇ ਟਰੰਪ ਨੇ ਆਖਿਆ ਕਿ ਤੁਹਾਡਾ ਗੁਆਂਢੀ ਦੇਸ਼ ਕਾਫੀ ਦੋਸਤਾਨਾ ਹੈ। ਉਥੇ ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਨ ਇਮਰਾਨ ਖਾਨ ਨੇ ਆਖਿਆ ਕਿ ਭਾਰਤ ਗੱਲਬਾਤ ਨੂੰ ਤਿਆਰ ਨਹੀਂ ਹੈ।


author

Khushdeep Jassi

Content Editor

Related News