ਜੰਮੂ ਕਸ਼ਮੀਰ ਪੁਲਸ ਨੇ ਫੜਿਆ ਹਥਿਆਰ ਅਤੇ ਗੋਲਾ ਬਾਰੂਦ ਦੀ ਤਸਕਰੀ ਕਰਨ ਵਾਲਾ ਟਰੱਕ ਡਰਾਈਵਰ
Monday, Jul 12, 2021 - 11:13 AM (IST)
ਜੰਮੂ- ਸਰਹੱਦ ਪਾਰ ਤੋਂ ਡਰੋਨ ਰਾਹੀਂ ਸੁੱਟੇ ਗਏ ਹਥਿਆਰਾਂ ਦੀ ਘਾਟੀ 'ਚ ਤਸਕਰੀ ਨੂੰ ਐਤਵਾਰ ਨੂੰ ਅਸਫ਼ਲ ਬਣਾਉਂਦੇ ਹੋਏ ਪੁਲਸ ਨੇ ਪੁਲਵਾਮਾ ਵਾਸੀ ਇਕ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ਤੋਂ ਇਕ ਪਿਸਤੌਲ ਅਤੇ 2 ਗ੍ਰਨੇਡ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁੱਛ-ਗਿੱਛ ਜਾਰੀ ਹੈ। ਇਸ ਮਾਮਲੇ 'ਚ ਕੁਝ ਹੋਰ ਗ੍ਰਿਫ਼ਤਾਰੀਆਂ ਸੰਭਵ ਹਨ। ਐੱਸ.ਐੱਸ.ਪੀ. ਚੰਦਨ ਕੋਹਲੀ ਨੇ ਦੱਸਿਆ ਕਿ ਹਥਿਆਰਾਂ ਦੀ ਤਸਕਰੀ ਦੀ ਸੂਚਨਾ ਤੋਂ ਬਾਅਦ ਐਤਵਾਰ ਨੂੰ ਪੂਰੇ ਜੰਮੂ 'ਚ ਅਲਰਟ ਐਲਾਨ ਕਰ ਦਿੱਤਾ ਗਿਆ। ਦਰਜਨ ਭਰ ਤੋਂ ਵੱਧ ਥਾਂਵਾਂ 'ਤੇ ਮੋਬਾਇਲ ਵਾਹਨ ਚੈਕਿੰਗ ਨਾਕਾ ਲਗਾਇਆ ਗਿਆ। ਇਸ ਦੌਰਾਨ ਗੰਗਯਾਲ ਥਾਣਾ ਖੇਤਰ ਦੇ ਪੁਰਮੰਡਲ ਮੋੜ 'ਤੇ ਲਗਾਏ ਗਏ ਨਾਕੇ 'ਤੇ ਟਰੱਕ (ਜੇਕੇ13ਈ 0021) ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ।
ਟਰੱਕ ਚਾਲਕ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਵਾਹਨ ਜਾਂਚ ਤੋਂ ਬਚਣ ਦੀ ਕੋਸ਼ਿਸ਼ ਕਰਦਾ ਰਿਹਾ। ਸ਼ੱਕ ਡੂੰਘਾ ਹੋਣ 'ਤੇ ਟਰੱਕ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਇਕ ਪਿਸਤੌਲ ਅਤੇ 2 ਗ੍ਰਨੇਡ ਬਰਾਮਦ ਕੀਤੇ ਗਏ। ਇਸ 'ਤੇ ਪੁਲਵਾਮਾ ਦੇ ਪ੍ਰੀਛੂ ਵਾਸੀ ਡਰਾਈਵਰ ਮੰਤਜਿਰ ਮੰਜੂਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛ-ਗਿੱਛ 'ਚ ਮੰਜੂਰ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਹਥਿਆਰ ਅਤੇ ਗ੍ਰਨੇਡ ਦੀ ਖੇਪ ਡਰੋਨ ਰਾਹੀਂ ਸੁੱਟੀ ਗਈ ਹੈ। ਸਰਹੱਦ ਪਾਰ ਦੇ ਹੈਂਡਲਰ ਨੇ ਉਸ ਨੂੰ ਇਨ੍ਹਾਂ ਹਥਿਆਰਾਂ ਨੂੰ ਕਸ਼ਮੀਰ ਘਾਟੀ ਤੱਕ ਪਹੁੰਚਾਉਣ ਦਾ ਟਾਸਕ ਦਿੱਤਾ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਫਿਲਹਾਲ ਡਰਾਈਵਰ ਤੋਂ ਪੁੱਛ-ਗਿੱਛ ਜਾਰੀ ਹੈ। ਇਸ ਮਾਮਲੇ 'ਚ ਹੋਰ ਲਿੰਕ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੇ ਆਪਰੇਸ਼ਨ ਨੂੰ ਐੱਸ.ਓ.ਜੀ. ਜੰਮੂ ਅਤੇ ਐੱਸ.ਪੀ. ਸਾਊਥ ਦੀਪਕ ਡਿਗਰਾ ਅਤੇ ਐੱਸ.ਡੀ.ਪੀ.ਓ. ਗਾਂਧੀਨਗਰ ਪੀਕੇ ਮੇਂਗੀ ਨੇ ਅੰਜਾਮ ਦਿੱਤਾ।