ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ: 15,500 ਫੁੱਟ ਉੱਚੀ ਰੋਗਤਾਂਗ ਚੋਟੀ ’ਤੇ ਲਹਿਰਾਇਆ ਗਿਆ ਤਿਰੰਗਾ
Saturday, Aug 13, 2022 - 10:38 AM (IST)
ਪਤਲੀਕੂਹਲ (ਬਿਊਰੋ)- ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਟਲ ਬਿਹਾਰੀ ਵਾਜਪਾਈ ਪਰਬਤਾਰੋਹਣ ਖੇਡ ਸੰਸਥਾ ਮਨਾਲੀ ਦੀ ਟੀਮ ਨੇ ਰੋਹਤਾਂਗ ਦੱਰਰੇ ਦੀ 15,500 ਫੁੱਟ ਉੱਚੀ ਚੋਟੀ ’ਤੇ ਤਿਰੰਗਾ ਲਹਿਰਾਇਆ। ਸੰਸਥਾ ਦੇ 18 ਮੈਂਬਰੀ ਦਲ ਦੀ ਅਗਵਾਈ ਸੀਨੀਅਰ ਹਿਮ ਪਰਬਤ ਬਚਾਅ ਇੰਸਟ੍ਰਕਟਰ ਲੁਧਰ ਠਾਕੁਰ ਨੇ ਕੀਤੀ।
ਮੈਡੀਕਲ ਅਧਿਕਾਰੀ ਡਾ. ਸੋਨਾਲੀ ਵੀ ਟੀਮ ਵਿਚ ਸ਼ਾਮਲ ਸਨ। ਮੁਹਿੰਮ ਟੀਮ ਸਵੇਰੇ 7 ਵਜੇ ਮਨਾਲੀ ਤੋਂ ਰਵਾਨਾ ਹੋਈ, ਜਿਸ ਨੇ 2 ਵਜੇ ਰੋਹਤਾਂਗ ਦੀ ਚੋਟੀ ’ਤੇ ਤਿਰੰਗਾ ਲਹਿਰਾਇਆ। ਸੰਸਥਾ ਦੀ ਇਸ ਪਹਿਲ ਦੇ ਪਿੱਛੇ ਦਾ ਵਿਚਾਰ ਲੋਕਾਂ ਦੇ ਦਿਲਾਂ ਵਿਚ ਦੇਸ਼ਭਗਤੀ ਦੀ ਭਾਵਨਾ ਨੂੰ ਜਗਾਉਣਾ ਅਤੇ ਭਾਰਤੀ ਰਾਸ਼ਟਰੀ ਝੰਡੇ ਬਾਰੇ ਜਾਗਰੂਕਤਾ ਨੂੰ ਹੱਲਾ-ਸ਼ੇਰੀ ਦੇਣਾ ਹੈ।
ਸੰਸਥਾ ਦੇ ਡਾਇਰੈਕਟਰ ਅਵਿਨਾਸ਼ ਨੇਗੀ ਨੇ ਦੱਸਿਆ ਕਿ ਹਰ ਘਰ ਤਿਰੰਗਾ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਲੋਕਾਂ ਨੂੰ ਤਿਰੰਗਾ ਘਰ ਲਿਆਉਣ ਅਤੇ ਭਾਰਤ ਦੀ ਆਜ਼ਾਦੀ ਦੇ 75 ਸਾਲ ਨੂੰ ਨਿਸ਼ਾਨਬੱਧ ਕਰਨ ਅਤੇ ਤਿਰੰਗੇ ਨੂੰ ਹਰ ਘਰ ’ਚ ਉਤਸ਼ਾਹਤ ਕਰਨ ਦੀ ਇਕ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਪਰਬਤਾਰੋਹੀ ਸਮੇਤ ਵਾਟਰ ਸਪੋਰਟਸ ਅਤੇ ਏਅਰ ਸਪੋਰਟਸ ਵਿਚ ਕੰਮ ਕਰ ਰਹੀ ਹੈ, ਜਿਸ ਕਾਰਨ ਸੰਸਥਾ ਦਾ ਦੇਸ਼-ਵਿਦੇਸ਼ ਵਿਚ ਨਾਮ ਹੈ।