ਤਿਰੰਗੇ ਝੰਡੇ ਨਾਲ ਛੇੜਛਾੜ! ਅਸ਼ੋਕ ਚੱਕਰ ਦੀ ਬਜਾਏ ਲਹਿਰਾਇਆ ਚੰਨ-ਤਾਰੇ ਵਾਲਾ ਝੰਡਾ, 2 ਗ੍ਰਿਫਤਾਰ

Monday, Sep 16, 2024 - 06:18 PM (IST)

ਨੈਸ਼ਨਲ ਡੈਸਕ : ਬਿਹਾਰ ਦੇ ਸਾਰਨ ਜ਼ਿਲ੍ਹੇ 'ਚ ਈਦ-ਏ-ਮਿਲਾਦ-ਉਨ-ਨਬੀ ਦੇ ਜਲੂਸ ਦੌਰਾਨ ਦੇਸ਼ ਦੀ ਸ਼ਾਨ ਮੰਨੇ ਜਾਂਦੇ ਤਿਰੰਗੇ ਝੰਡੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਲੂਸ 'ਚ ਅਸ਼ੋਕ ਚੱਕਰ ਦੀ ਥਾਂ 'ਤੇ ਚੰਨ ਅਤੇ ਤਾਰੇ ਵਾਲਾ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਨ ਦੇ ਐੱਸਪੀ ਡਾਕਟਰ ਕੁਮਾਰ ਆਸ਼ੀਸ਼ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ।

ਪੁਲਸ ਸੁਪਰਡੈਂਟ ਦੀਆਂ ਹਦਾਇਤਾਂ 'ਤੇ ਇੰਡੀਅਨ ਫਲੈਗ ਐਕਟ 2002 ਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਕੋਪਾ ਪੁਲਸ ਸਟੇਸ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਵਿਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਗਈ। ਇਸ ਕਾਰਵਾਈ ਦੇ ਤਹਿਤ ਕਥਿਤ ਤੌਰ 'ਤੇ ਛੇੜਛਾੜ ਕਰ ਕੇ ਜਿਸ ਪਿਕਅੱਪ ਗੱਡੀ 'ਤੇ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਸੀ, ਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ। ਇਸ ਦੇ ਨਾਲ ਹੀ ਦੋ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਇਸ ਦੇ ਨਾਲ ਹੀ ਸਥਾਨਕ ਪਿੰਡ ਵਾਸੀਆਂ ਨੇ ਤਿਰੰਗੇ ਨਾਲ ਛੇੜਛਾੜ ਦੀ ਘਟਨਾ 'ਤੇ ਗੁੱਸਾ ਜ਼ਾਹਰ ਕੀਤਾ। ਇਸ ਦੇ ਨਾਲ ਹੀ ਥਾਣੇ ਜਾ ਕੇ ਧਰਨਾ ਦਿੱਤਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਲੋਕਾਂ ਨੇ ਇਸ ਨੂੰ ਦੇਸ਼ ਦੀ ਪਛਾਣ ਨਾਲ ਖਿਲਵਾੜ ਕਰਨ ਵਾਲੀ ਕਾਰਵਾਈ ਦੱਸਦਿਆਂ ਤਿਰੰਗੇ ਝੰਡੇ ਨਾਲ ਖੇਡਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਉਪ ਪੁਲਸ ਕਪਤਾਨ ਤੇ ਜਲਾਲਪੁਰ ਦੇ ਸਰਕਲ ਅਫ਼ਸਰ ਪੁਲਸ ਥਾਣੇ ਪੁੱਜੇ ਤੇ ਜਾਂਚ ਕੀਤੀ।

ਐੱਸਪੀ ਨੇ ਆਖੀ ਇਹ ਗੱਲ
ਐੱਸਪੀ ਡਾ.ਕੁਮਾਰ ਅਸ਼ੀਸ਼ ਨੇ ਦੱਸਿਆ ਕਿ ਇਸ ਮਾਮਲੇ ਵਿਚ ਫਲੈਗ ਐਕਟ 1971 ਅਤੇ 2002 ਅਤੇ ਬੀਐੱਨਐੱਸ ਦੀ ਧਾਰਾ 153 ਤਹਿਤ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੋ ਝੰਡਾ ਲਹਿਰਾਇਆ ਜਾ ਰਿਹਾ ਸੀ, ਉਸ ਨੂੰ ਜ਼ਬਤ ਕਰ ਲਿਆ ਗਿਆ ਹੈ। ਫੜੇ ਗਏ ਦੋਵਾਂ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਝੰਡਾ ਉਨ੍ਹਾਂ ਨੂੰ ਕਿਸੇ ਤੀਜੇ ਵਿਅਕਤੀ ਨੇ ਮੁਹੱਈਆ ਕਰਵਾਇਆ ਸੀ।

ਪੁਲਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੇ ਪਿੱਛੇ ਕੀ ਇਰਾਦਾ ਸੀ, ਇਸ ਬਾਰੇ ਵੀ ਜਾਣਕਾਰੀ ਮੰਗੀ ਜਾ ਰਹੀ ਹੈ। ਇਸ ਜਲੂਸ ਦੇ ਲਾਇਸੈਂਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਾਰੇ ਲਾਇਸੈਂਸੀ ਜਲੂਸ ਕੱਢਣ ਵਾਲਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਝੰਡਾ ਕਿਨ੍ਹਾਂ ਹਾਲਾਤਾਂ ਵਿੱਚ ਲਹਿਰਾਇਆ ਗਿਆ ਅਤੇ ਉਨ੍ਹਾਂ ਵੱਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।


Baljit Singh

Content Editor

Related News