ਸਪੈਮ ’ਤੇ ਟਰਾਈ ਦੀ ਸਖ਼ਤੀ, ਬੈਂਕ ਗਾਰੰਟੀਆਂ ਭੁਨਾ ਕੇ ਹੋਵੇਗੀ ਟੈਲੀਕਾਮ ਕੰਪਨੀਆਂ ਤੋਂ ਰਿਕਵਰੀ

Wednesday, Sep 11, 2024 - 09:45 PM (IST)

ਨਵੀਂ ਦਿੱਲੀ- ਦੂਰਸੰਚਾਰ ਰੈਗੂਲੇਟਰ ਟਰਾਈ ਨੇ ਸਪੈਮ ਨੂੰ ਲੈ ਕੇ ਟੈਲੀਕਾਮ ਕੰਪਨੀਆਂ ’ਤੇ ਆਪਣਾ ਰੁਖ਼ ਹੋਰ ਸਖ਼ਤ ਕਰ ਲਿਆ ਹੈ। ਇਸ ਦੇ ਲਈ ਟਰਾਈ ਨੇ ਦੂਰਸੰਚਾਰ ਵਿਭਾਗ ਨੂੰ ਸੁਝਾਅ ਦਿੱਤਾ ਹੈ ਕਿ ਉਹ ਸਪੈਮ ਨਾਲ ਜੁੜੇ ਨਿਯਮਾਂ ਨੂੰ ਲੈ ਕੇ ਲਾਏ ਗਏ ਜੁਰਮਾਨੇ ਦੀ ਰਿਕਵਰੀ ਲਈ ਟੈਲੀਕਾਮ ਕੰਪਨੀਆਂ ਦੀਆਂ ਬੈਂਕ ਗਾਰੰਟੀਆਂ ਨੂੰ ਭੁਨਾਏ।

ਇਕ ਰਿਪੋਰਟ ਅਨੁਸਾਰ ਟਰਾਈ ਨੇ ਦੂਰਸੰਚਾਰ ਵਿਭਾਗ ਨੂੰ ਸੁਝਾਅ ’ਚ ਕਿਹਾ ਹੈ ਕਿ ਉਹ ਸਪੈਮ ’ਤੇ ਰੋਕ ਲਾਉਣ ’ਚ ਅਸਫਲ ਰਹਿਣ ’ਤੇ ਟੈਲੀਕਾਮ ਕੰਪਨੀਆਂ ’ਤੇ ਲੱਗੇ ਜੁਰਮਾਨੇ ਨੂੰ ਉਨ੍ਹਾਂ ਦੀ ਬੈਂਕ ਗਾਰੰਟੀਆਂ ਤੋਂ ਵਸੂਲ ਕਰੇ। ਮਾਮਲੇ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰਾਈ ਦੀ ਇਹ ਸਖ਼ਤੀ ਅਚਾਨਕ ਹੈ। ਕਿਸੇ ਨੇ ਅਜਿਹੀ ਉਮੀਦ ਨਹੀਂ ਕੀਤੀ ਸੀ ਕਿ ਸਪੈਮ ਨੂੰ ਲੈ ਕੇ ਟਰਾਈ ਇੰਨਾ ਸਖ਼ਤ ਰੁਖ਼ ਆਪਣਾ ਲਵੇਗਾ।

ਸਭ ਤੋਂ ਵੱਧ ਇਨ੍ਹਾਂ ਉੱਤੇ ਬਕਾਇਆ

ਦੂਰਸੰਚਾਰ ਕੰਪਨੀਆਂ ਤੋਂ ਸਪੈਮ ਨਿਯਮਾਂ ਨਾਲ ਸਬੰਧਤ ਲੱਗਭਗ 115 ਕਰੋੜ ਰੁਪਏ ਦੀ ਰਿਕਵਰੀ ਕੀਤੀ ਜਾਣੀ ਹੈ। ਸਭ ਤੋਂ ਵੱਧ ਬਕਾਇਆ ਸਰਕਾਰੀ ਦੂਰਸੰਚਾਰ ਕੰਪਨੀਆਂ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ’ਤੇ ਹੈ। ਦੋਵਾਂ ਉੱਤੇ 8-10 ਸਾਲ ’ਚ ਡਿਫਾਲਟ ਨਾਲ ਬਕਾਏ ਦਾ ਅੰਕੜਾ 50 ਕਰੋੜ ਰੁਪਏ ਦੇ ਕੋਲ ਪਹੁੰਚ ਗਿਆ ਹੈ। ਉਸ ਤੋਂ ਬਾਅਦ ਭਾਰਤੀ ਏਅਰਟੈਲ ਤੋਂ 20 ਕਰੋੜ, ਵੋਡਾਫੋਨ ਆਈਡੀਆ ਤੋਂ 15 ਕਰੋੜ ਅਤੇ ਰਿਲਾਇੰਸ ਜੀਓ ਤੋਂ 12 ਕਰੋੜ ਰੁਪਏ ਦੀ ਰਿਕਵਰੀ ਬਣ ਰਹੀ ਹੈ। ਨਿੱਜੀ ਕੰਪਨੀਆਂ ’ਤੇ ਬਕਾਏ ਦੀ ਮਿਆਦ 10 ਮਹੀਨਿਆਂ ਤੋਂ 3 ਸਾਲ ਤੱਕ ਹੈ।

ਕਈ ਵਾਰ ਭੇਜੇ ਜਾ ਚੁੱਕੇ ਸਨ ਰਿਮਾਈਂਡਰ

ਦੂਰਸੰਚਾਰ ਰੈਗੂਲੇਟਰ ਸਾਰੇ ਕੰਪਨੀਆਂ ਨੂੰ ਕਈ ਵਾਰ ਰਿਮਾਈਂਡਰ ਭੇਜ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਜੁਰਮਾਨੇ ਦਾ ਭੁਗਤਾਨ ਕਰਨ ਦੀ ਯਾਦ ਦਿਵਾ ਚੁੱਕਿਆ ਹੈ। ਵਾਰ-ਵਾਰ ਯਾਦ ਦਿਵਾਉਣ ਤੋਂ ਬਾਅਦ ਵੀ ਜੁਰਮਾਨਾ ਨਾ ਭਰਨ ਕਾਰਨ ਟਰਾਈ ਨੇ ਇਹ ਕਦਮ ਚੁੱਕਿਆ ਹੈ।

ਕਾਨੂੰਨ ਦੇ ਹਿਸਾਬ ਨਾਲ ਟਰਾਈ ਨੂੰ ਇਹ ਤਾਕਤ ਦਿੱਤੀ ਗਈ ਹੈ ਕਿ ਉਹ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਨ ’ਤੇ ਟੈਲੀਕਾਮ ਕੰਪਨੀਆਂ ਦਾ ਲਾਇਸੰਸ ਕੈਂਸਲ ਕਰ ਦੇਵੇ ਪਰ ਇਸ ਤਰ੍ਹਾਂ ਦੇ ਸਖ਼ਤ ਕਦਮ ਹੁਣ ਤੱਕ ਕਦੇ ਚੁੱਕੇ ਨਹੀਂ ਗਏ ਹਨ।

ਹਾਲ ਹੀ ’ਚ ਵਧਾਈ ਗਈ ਇਹ ਡੈੱਡਲਾਈਨ

ਟਰਾਈ ਨੇ ਹਾਲ ਹੀ ਦੇ ਦਿਨਾਂ ’ਚ ਸਪੈਮ ’ਤੇ ਲਗਾਤਾਰ ਸਖ਼ਤੀ ਵਧਾਈ ਹੈ। ਇਸ ਦੇ ਲਈ ਰੈਗੂਲੇਟਰ ਨੇ ਸਾਰੀਆਂ ਕੰਪਨੀਆਂ ਨੂੰ ਡੈੱਡਲਾਈਨ ਵੀ ਦਿੱਤੀ ਸੀ ਪਰ ਉਸ ਨੂੰ ਬਾਅਦ ’ਚ ਡੈੱਡਲਾਈਨ ਨੂੰ ਅੱਗੇ ਵਧਾਉਣ ’ਤੇ ਮਜਬੂਰ ਹੋਣਾ ਪੈ ਗਿਆ। ਇਸ ਦੇ ਲਈ ਬਲਾਕਚੇਨ ਬੇਸਡ ਨਵੀਂ ਵਿਵਸਥਾ ਅਪਨਾਈ ਗਈ ਹੈ, ਜੋ ਸਪੈਮ ਐੱਸ. ਐੱਮ. ਐੱਸ. ’ਤੇ ਰੋਕ ਲਾਉਣ ਲਈ ਹੈ। ਪਹਿਲਾਂ ਕੰਪਨੀਆਂ ਨੂੰ ਅਗਸਤ ਤੱਕ ਦਾ ਹੀ ਸਮਾਂ ਦਿੱਤਾ ਗਿਆ ਸੀ। ਹੁਣ ਟਰਾਈ ਨੇ ਇਸ ਡੈੱਡਲਾਈਨ ਨੂੰ 1 ਅਕਤੂਬਰ ਤੱਕ ਅੱਗੇ ਵਧਾ ਦਿੱਤਾ ਹੈ।


Rakesh

Content Editor

Related News