ਕਸ਼ਮੀਰ ਹਾਈਵੇਅ ’ਤੇ ਆਵਾਜਾਈ ਠੱਪ, ਮੁਗਲ ਰੋਡ ਵੀ ਬੰਦ
Monday, Dec 21, 2020 - 06:19 PM (IST)
ਸ਼੍ਰੀਨਗਰ— ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੇ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ’ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਬੰਦ ਕਰ ਦਿੱਤੀ ਗਈ। ਆਵਾਜਾਈ ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵੱਡੇ ਪੱਧਰ ’ਤੇ ਬਰਫ਼ਬਾਰੀ ਕਾਰਨ ਜੰਮੀ ਬਰਫ਼ ਨੂੰ ਹਟਾਉਣ ਲਈ ਮੁਹਿੰਮ ਸ਼ੁਰੂ ਕਰਨ ਦੇ ਬਾਵਜੂਦ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਜੋਜਿਲਾ ਪਾਸ ਦੇ ਦੋਹਾਂ ਪਾਸੇ ਵੱਡੀ ਗਿਣਤੀ ’ਚ ਵਾਹਨ ਫਸੇ ਹੋਏ ਹਨ। ਬਰਫ਼ਬਾਰੀ ਕਾਰਨ ਜੰਮੀ ਬਰਫ਼ ਅਤੇ ਰੋਡ ’ਤੇ ਤਿਲਸਣ ਕਾਰਨ 86 ਕਿਲੋਮੀਟਰ ਲੰਬੀ ਇਤਿਹਾਸਕ ਮੁਗਲ ਰੋਡ ਵੀ ਬੰਦ ਹੈ। ਉਨ੍ਹਾਂ ਨੇ ਦੱਸਿਆ ਕਿ ਮਕਾਰਕੋਟ ’ਚ ਜ਼ਮੀਨ ਖਿਸਕਣ ਕਾਰਨ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ਨੂੰ ਬੰਦ ਕਰਨਾ ਪਿਆ ਹੈ।
ਰਾਸ਼ਟਰੀ ਹਾਈਵੇਅ ਅਥਾਰਟੀ ਨੇ ਮਜ਼ਦੂਰਾਂ ਅਤੇ ਅਤਿ-ਆਧੁਨਿਕ ਮਸ਼ੀਨ ਜ਼ਰੀਏ ਹਾਈਵੇਅ ਨੂੰ ਸਾਫ ਕਰਨ ਦੇ ਕੰਮ ਵਿਚ ਜੁੱਟ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ’ਤੇ ਚੰਦੇਰਕੋਟ ’ਚ ਸ਼ਨੀਵਾਰ ਸ਼ਾਮ ਹੋਏ ਜ਼ਮੀਨ ਖਿਸਕਣ ਦੇ ਮਲਬੇ ਨੂੰ ਸਾਫ ਕਰ ਦਿੱਤਾ ਗਿਆ ਸੀ ਅਤੇ ਹਾਈਵੇਅ ’ਤੇ ਐਤਵਾਰ ਸਵੇਰੇ ਆਵਾਜਾਈ ਸ਼ੁਰੂ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀਨਗਰ ਤੋਂ ਜੰਮੂ ਜਾਣ ਵਾਲੇ ਵਾਹਨਾਂ ਨੂੰ ਦੋਹਾਂ ਪਾਸਿਓਂ ਪਰਿਚਾਲਨ ਦੀ ਇਜਾਜ਼ਤ ਦਿੱਤੀ ਗਈ ਸੀ। ਜਵਾਹਰ ਸੁਰੰਗ ਤੋਂ ਬਨਿਹਾਲ ਵਿਚਾਲੇ ਫਸੇ ਭਾਰੀ ਵਾਹਨਾਂ ਨੂੰ ਜੰਮੂ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।