ਭੀੜ ਘਟਾਉਣ ਲਈ ਪ੍ਰਯਾਗਰਾਜ ਜਾਣ ਵਾਲੇ ਵਾਹਨਾਂ ਨੂੰ ਮੱਧ ਪ੍ਰਦੇਸ਼ ’ਚ ਰੋਕਿਆ ਗਿਆ
Saturday, Feb 08, 2025 - 10:49 PM (IST)
ਭੋਪਾਲ, (ਭਾਸ਼ਾ)- ਭਾਰੀ ਆਵਾਜਾਈ ਕਾਰਨ ਤੇ ਜ਼ਿਆਦਾ ਭੀੜ ਨੂੰ ਰੋਕਣ ਲਈ ਪ੍ਰਯਾਗਰਾਜ ਵਿਚ ਆਯੋਜਿਤ ਹੋ ਰਹੇ ਮਹਾਕੁੰਭ ’ਚ ਜਾਣ ਵਾਲੇ ਸੈਂਕੜੇ ਵਾਹਨਾਂ ਨੂੰ ਮੱਧ ਪ੍ਰਦੇਸ਼ ਵਿਚ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਥਾਵਾਂ ’ਤੇ ਸਥਾਨਕ ਟ੍ਰੈਫਿਕ ਪੁਲਸ ਨੇ ਯਾਤਰੀਆਂ ਨੂੰ ਵਾਪਸ ਜਾਣ ਦੀ ਬੇਨਤੀ ਵੀ ਕੀਤੀ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਤੋਂ ਵਾਹਨਾਂ ਨੂੰ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਅੱਗੇ ਵਧਣ ਦਿੱਤਾ ਜਾ ਰਿਹਾ ਹੈ। ਇਨ੍ਹਾਂ ਜ਼ਿਆਦਾਤਰ ਵਾਹਨਾਂ ’ਚ ਸ਼ਰਧਾਲੂ ਹਨ।
ਮਹਾਰਾਸ਼ਟਰ ਤੇ ਦੱਖਣੀ ਸੂਬਿਆਂ ਤੋਂ ਆਉਣ ਵਾਲੇ ਜ਼ਿਆਦਾਤਰ ਵਾਹਨ ਸਵੇਰ ਤੋਂ ਹੀ ਕਟਨੀ, ਮੈਹਰ ਤੇ ਰੀਵਾ ਜ਼ਿਲਿਆਂ ’ਚ ਫਸੇ ਹੋਏ ਸਨ। ਰੀਵਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਸਾਕੇਤ ਪ੍ਰਕਾਸ਼ ਪਾਂਡੇ ਨੇ ਕਿਹਾ ਕਿ ਵਾਹਨਾਂ ਨੂੰ ਚੱਕਘਾਟ ’ਤੇ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਦਿਨਾਂ ’ਚ ਪ੍ਰਯਾਗਰਾਜ ਜਾਣ ਵਾਲੇ ਵਾਹਨਾਂ ਦੀ ਗਿਣਤੀ ਵਧੀ ਹੈ।