ਪ੍ਰਯਾਗਰਾਜ ’ਚ ਸ਼ਰਾਰਤੀ ਅਨਸਰਾਂ ਨੇ ਅੰਬੇਡਕਰ ਦੇ ਬੁੱਤ ਦੀ ਕੀਤੀ ਭੰਨਤੋੜ
Monday, Mar 02, 2026 - 01:56 AM (IST)
ਪ੍ਰਯਾਗਰਾਜ - ਉੱਤਰ ਪ੍ਰਦੇਸ਼ ’ਚ ਪ੍ਰਯਾਗਰਾਜ ਜ਼ਿਲੇ ਦੇ ਕੌਂਧੀਆਰਾ ਥਾਣਾ ਖੇਤਰ ’ਚ ਸਥਿਤ ਉਮਰੀ ਪਿੰਡ ’ਚ ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ਕਰਨ ਤੋਂ ਬਾਅਦ ਚੁੱਕ ਕੇ ਲੈ ਜਾਣ ਦਾ ਮਾਮਲਾ ਸਾਹਮਣੇ ’ਚ ਆਇਆ ਹੈ।
ਘਟਨਾ ਅੱਜ ਸਵੇਰੇ ਉਦੋਂ ਸਾਹਮਣੇ ਆਈ, ਜਦੋਂ ਪਿੰਡ ਵਾਸੀਆਂ ਨੇ ਬੁੱਤ ਨੂੰ ਆਪਣੀ ਥਾਂ ਤੋਂ ਗਾਇਬ ਪਾਇਆ। ਸੂਚਨਾ ਮਿਲਦਿਆਂ ਹੀ ਪਿੰਡ ’ਚ ਗੁੱਸੇ ਦੀ ਲਹਿਰ ਫੈਲ ਗਈ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਨਵਾਂ ਬੁੱਤ ਸਥਾਪਤ ਕਰਨ ਅਤੇ ਮੁਲਜ਼ਮਾਂ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਸੂਚਨਾ ’ਤੇ ਕੌਂਧੀਆਰਾ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਪਿੰਡ ਵਾਸੀਆਂ ਨੂੰ ਸਮਝਾ-ਬੁਝਾ ਕੇ ਸ਼ਾਂਤ ਕਰਵਾਇਆ। ਥਾਣਾ ਇੰਚਾਰਜ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਬੁੱਤ ਦੀ ਤੋੜਭੰਨ ਕਰ ਕੇ ਲਿਜਾਣ ਦੀ ਸੂਚਨਾ ’ਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨਾਲ ਹੀ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਨਵਾਂ ਬੁੱਤ ਸਥਾਪਤ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਅਤੇ ਸ਼ਰਾਰਤੀ ਅਨਸਰਾਂ ਦੀ ਪਛਾਣ ਦੇ ਯਤਨ ਜਾਰੀ ਹਨ।
