ਅਮਰੀਕਾ ਨਾਲ ਟ੍ਰੇਡ ਵਾਰ ਵਿਚਾਲੇ ਚੀਨ ਦੀ ਮਦਦ ਕਰ ਸਕਦੈ ਭਾਰਤ
Wednesday, Aug 29, 2018 - 01:24 AM (IST)
ਨਵੀਂ ਦਿੱਲੀ— ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਟ੍ਰੇਡ ਵਾਰ ਨਾਲ ਦੁਨੀਆ ਭਰ 'ਚ ਹਲਚਲ ਮਚੀ ਹੋਈ ਹੈ। ਇਸ ਵਾਰ ਨੂੰ ਭੁਨਾ ਕੇ ਭਾਰਤ ਚੀਨੀ ਬਾਜ਼ਾਰ 'ਚ ਆਪਣੀ ਜਗ੍ਹਾ ਬਣਾਉਣ ਦੀ ਪੂਰੀ ਕੋਸ਼ਿਸ਼ 'ਚ ਲੱਗਾ ਹੋਇਆ ਹੈ।
ਜਾਣਕਾਰੀ ਅਨੁਸਾਰ ਭਾਰਤ ਨੇ ਅਜਿਹੇ ਉਤਪਾਦਾਂ ਦੀ ਸੂਚੀ ਤਿਆਰ ਕਰ ਲਈ ਹੈ, ਜਿਨ੍ਹਾਂ ਨੂੰ ਉਹ ਚੀਨ 'ਚ ਬਰਾਮਦ ਕਰ ਕੇ ਅਮਰੀਕੀ ਬਰਾਮਦ ਬਾਜ਼ਾਰ 'ਤੇ ਕਬਜ਼ਾ ਕਰ ਸਕੇ। ਦਰਅਸਲ ਚੀਨ ਅਤੇ ਅਮਰੀਕਾ ਵਿਚਾਲੇ ਸ਼ੁਰੂ ਹੋਈ ਟ੍ਰੇਡ ਵਾਰ ਦੀ ਵਜ੍ਹਾ ਨਾਲ ਯੂ. ਐੱਸ. ਦਾ ਉਥੇ ਸਾਮਾਨ ਬਰਾਮਦ ਕਰਨਾ ਮਹਿੰਗਾ ਹੋ ਗਿਆ ਹੈ।
ਚੀਨ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਭਾਰਤ
ਭਾਰਤ ਚੀਨ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕੁੱਝ ਹੱਦ ਤੱਕ ਤਿਆਰ ਹੋ ਵੀ ਚੁੱਕਾ ਹੈ। ਲਗਭਗ 20 ਉਤਪਾਦ ਜਿਸ 'ਚ ਫਰੋਜ਼ਨ ਬੀਫ, ਬਾਦਾਮ ਆਦਿ ਸ਼ਾਮਲ ਹਨ, ਉਨ੍ਹਾਂ ਨੂੰ ਭਾਰਤ ਹੁਣ ਵੀ ਬਰਾਮਦ ਕਰਨ ਦੀ ਹਾਲਤ 'ਚ ਹੈ ਪਰ ਉਸ ਨੂੰ ਚੀਨ 'ਚ ਮਾਰਕੀਟ ਐਕਸੈੱਸ ਨਹੀਂ ਮਿਲਿਆ। ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਕਰੀਬ 80 ਹੋਰ ਅਜਿਹੀਆਂ ਵਸਤਾਂ ਹਨ, ਜਿਨ੍ਹਾਂ ਨੂੰ ਚੀਨ ਨੂੰ ਬਰਾਮਦ ਕੀਤਾ ਜਾ ਸਕਦਾ ਹੈ।
ਭਾਰਤ ਨੇ ਬਣਾਈ 40 ਉਤਪਾਦਾਂ ਦੀ ਲਿਸਟ
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਭਾਰਤ ਨੇ ਕੁਲ 40 ਉਤਪਾਦਾਂ ਦੀ ਲਿਸਟ ਬਣਾਈ ਹੈ। ਇਸ 'ਚ ਤਾਜ਼ਾ ਅੰਗੂਰ, ਕਾਟਨ, ਤੰਬਾਕੂ, ਸਟੀਲ ਬੁਆਇਲਰ ਆਦਿ ਸ਼ਾਮਲ ਹਨ। ਇਨ੍ਹਾਂ ਨੂੰ ਚੀਨ ਨੂੰ ਬਰਾਮਦ ਕਰ ਕੇ ਭਾਰਤ ਚੀਨੀ ਬਾਜ਼ਾਰ 'ਤੇ ਯੂ. ਐੱਸ. ਬਰਾਮਦ ਦੇ ਹਿੱਸੇ 'ਤੇ ਆਪਣਾ ਅਧਿਕਾਰ ਕਰਨਾ ਚਾਹੁੰਦਾ ਹੈ। ਜੇਕਰ ਬਰਾਮਦ ਵਧੀ ਤਾਂ ਇਸ ਨਾਲ ਚੀਨ ਦੇ ਨਾਲ ਹੋਣ ਵਾਲੇ ਵਪਾਰ 'ਚ ਹੋ ਰਹੇ 63 ਬਿਲੀਅਨ ਡਾਲਰ ਦੇ ਘਾਟੇ ਨੂੰ ਵੀ ਕੁਝ ਘੱਟ ਕੀਤਾ ਜਾ ਸਕਦਾ ਹੈ।
ਸਰਕਾਰ ਨੇ ਵੱਖ-ਵੱਖ ਵਿਭਾਗਾਂ ਨੂੰ ਨੀਤੀ ਬਣਾਉਣ ਲਈ ਕਿਹਾ
ਹੁਣ ਸਰਕਾਰ ਨੇ ਆਪਣੇ ਵੱਖ-ਵੱਖ ਵਿਭਾਗਾਂ ਨੂੰ ਨੀਤੀ ਬਣਾਉਣ ਲਈ ਕਿਹਾ ਹੈ, ਜਿਸ ਨਾਲ ਉਤਪਾਦਨ 'ਚ ਤੇਜ਼ੀ ਆ ਸਕੇ। ਚੀਨੀ ਹਮਰੁਤਬਿਆਂ ਨਾਲ ਗੱਲਬਾਤ ਲਈ ਉਥੇ ਮੌਜੂਦ ਦੂਤਘਰ ਨੂੰ ਵੀ ਐਕਟਿਵ ਕਰ ਦਿੱਤਾ ਗਿਆ ਹੈ। ਅਮਿਤੇਂਦੁ ਪਾਲਿਟ ਜੋ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ 'ਚ ਇੰਸਟੀਚਿਊਟ ਆਫ ਸਾਊਥ ਏਸ਼ੀਅਨ ਸਟੱਡੀਜ਼ ਨਾਲ ਫੈਲੋਸ਼ਿਪ ਕਰ ਰਹੇ ਹਨ, ਦਾ ਮੰਨਣਾ ਹੈ ਕਿ ਟ੍ਰੇਡ ਵਾਰ ਦੀ ਵਜ੍ਹਾ ਨਾਲ ਕਈ ਨਵੀਆਂ ਸਪਲਾਈ ਚੇਨਸ ਬਣਨਗੀਆਂ। ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਭਾਰਤ ਵੀ ਕੁੱਝ 'ਉਤਪਾਦਨ ਕੜੀਆਂ' ਦਾ ਹਿੱਸਾ ਬਣ ਸਕਦਾ ਹੈ। ਹਾਲਾਂਕਿ ਉਨ੍ਹਾਂ ਸਾਫ਼ ਕਿਹਾ ਕਿ ਇਸ ਨਾਲ ਭਾਰਤ ਨੂੰ ਫਾਇਦਾ ਹੋਵੇਗਾ ਜਾਂ ਨਹੀਂ ਇਹ ਕਹਿਣਾ ਥੋੜ੍ਹਾ ਜਲਦਬਾਜ਼ੀ ਹੋਵੇਗਾ।
