ਦੰਦ ਦਰਦ ਤੋਂ ਰਾਹਤ ਲਈ ਔਰਤ ਨੇ ਖਾਧੀ ਅਜਿਹੀ ਦਵਾਈ, ਸਭ ਦਰਦਾਂ ਤੋਂ ਮਿਲ ਗਿਆ 'ਛੁਟਕਾਰਾ'
Saturday, May 17, 2025 - 01:53 PM (IST)

ਝਾਬੂਆ- ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਵਿਚ ਮੈਡੀਕਲ ਸਟੋਰ 'ਚ ਦੰਦਾਂ ਦੇ ਦਰਦ ਤੋਂ ਰਾਹਤ ਪਾਉਣ ਵਾਲੀ ਦਵਾਈ ਦੀ ਬਜਾਏ ਸਲਫਾਸ ਦੀ ਗੋਲੀ ਦੇਣ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਝਾਬੂਆ ਦੇ ਪੁਲਸ ਸੁਪਰਡੈਂਟ ਪਦਮ ਵਿਲੋਚਨ ਸ਼ੁਕਲਾ ਨੇ ਦੱਸਿਆ ਕਿ ਪੁਲਸ ਨੇ ਦੁਕਾਨ ਮਾਲਕ ਨੂੰ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ-105 (ਗੈਰ-ਇਰਾਦਤਨ ਕਤਲ ) ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਨੇ ਕਿਹਾ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਧਰਮਪੁਰੀ ਪਿੰਡ ਦੀ ਰਹਿਣ ਵਾਲੀ ਰੇਖਾ ਵੀਰਵਾਰ ਸ਼ਾਮ ਨੂੰ ਥਾਂਦਲਾ ਗੇਟ ਨੇੜੇ ਇਕ ਮੈਡੀਕਲ ਸਟੋਰ ਗਈ ਅਤੇ ਉਸ ਨੇ ਦੰਦਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਦਵਾਈ ਮੰਗੀ ਸੀ। ਅਧਿਕਾਰੀ ਨੇ ਕਿਹਾ ਕਿ ਦੁਕਾਨ ਦੇ ਵਿਕ੍ਰੇਤਾ ਨੇ ਉਸ ਨੂੰ ਸਲਫਾਸ ਦੀ ਗੋਲੀ ਦਿੱਤੀ, ਜਿਸ ਨੂੰ ਉਸ ਨੇ ਉਸੇ ਰਾਤ ਖਾ ਲਿਆ ਅਤੇ ਉਸਦੀ ਸਿਹਤ ਵਿਗੜ ਗਈ। ਉਨ੍ਹਾਂ ਕਿਹਾ ਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਪਰਿਵਾਰ ਨੇ ਸ਼ੁੱਕਰਵਾਰ ਨੂੰ ਪੁਲਸ ਨੂੰ ਸੂਚਿਤ ਕੀਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ ਸਲਫਾਸ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਇਕ ਮਾਮਲਾ ਦਰਜ ਕੀਤਾ ਗਿਆ ਅਤੇ ਦੁਕਾਨ ਦੇ ਮਾਲਕ ਲੋਕੇਂਦਰ ਬਾਬਲ (52) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਸੁਪਰਡੈਂਟ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਦੁਕਾਨ ਵਿਚ ਸਲਫਾਸ ਦੀਆਂ ਗੋਲੀਆਂ ਕਿਉਂ ਰੱਖੀਆਂ ਗਈਆਂ ਸਨ। ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਡਰੱਗ ਕੰਟਰੋਲਰ ਵਿਭਾਗ ਵੀ ਜਾਂਚ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਗੋਲੀਆਂ ਦੇਣ ਵਾਲੇ ਵਿਕ੍ਰੇਤਾ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।