ਖੁੱਲ੍ਹੇ ''ਚ ਟਾਇਲਟ ਕਰਨ ''ਤੇ ਮੱਧ ਪ੍ਰਦੇਸ਼ ''ਚ ਫਿਰ ਇਕ ਬੱਚੇ ਦਾ ਕਤਲ
Thursday, Oct 03, 2019 - 02:00 PM (IST)
ਸਾਗਰ— ਮੱਧ ਪ੍ਰਦੇਸ਼ ਦੇ ਸਾਗਰ 'ਚ ਖੁੱਲ੍ਹੇ 'ਚ ਟਾਇਲਟ ਕਰਨ 'ਤੇ ਡੇਢ ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਦੇਸ਼ 'ਚ ਖੁੱਲ੍ਹੇ 'ਚ ਟਾਇਲਟ ਕਰਨ ਦੇ ਵਿਵਾਦ 'ਚ ਬੀਤੇ 10 ਦਿਨ ਦੇ ਅੰਦਰ ਕਤਲ ਦੀ ਇਹ ਦੂਜੀ ਵਾਰਦਾਤ ਅਤੇ ਤੀਜੀ ਮੌਤ ਹੈ। ਇਸ ਤੋਂ ਪਹਿਲਾਂ ਸ਼ਿਵਪੁਰੀ 'ਚ 2 ਦਲਿਤ ਬੱਚਿਆਂ ਦਾ ਵੀ ਇਸ ਕਾਰਨ ਕਤਲ ਕਰ ਦਿੱਤਾ ਗਿਆ ਸੀ।
ਸਾਗਰ ਤੋਂ 100 ਕਿਲੋਮੀਟਰ ਦੂਰ ਭਾਨਗੜ੍ਹ ਥਾਣਾ ਖੇਤਰ ਦੇ ਬਗਸਪੁਰ ਪਿੰਡ 'ਚ ਖੁੱਲ੍ਹੇ 'ਚ ਟਾਇਲਟ ਕਰਨ 'ਤੇ 2 ਗੁਆਂਢੀਆਂ 'ਚ ਹੋਏ ਝਗੜੇ 'ਚ ਇਕ ਮਾਸੂਮ ਦੀ ਜਾਨ ਚੱਲੀ ਗਈ। ਬਗਸਪੁਰ ਵਾਸੀ ਮੋਹਰ ਆਦਿਵਾਸੀ ਦੇ ਘਰ ਦੇ ਸਾਹਮਣੇ ਉਸ ਦੇ ਗੁਆਂਢੀ ਰਾਮ ਸਿੰਘ ਦਾ ਬੇਟਾ ਖੁੱਲ੍ਹੇ 'ਚ ਟਾਇਲਟ ਕਰ ਰਿਹਾ ਸੀ। ਮੋਹਰ ਆਦਿਵਾਸੀ ਇਸ 'ਤੇ ਭੜਕ ਗਿਆ ਅਤੇ ਉਹ ਰਾਮ ਸਿੰਘ ਨਾਲ ਇਸ ਗੱਲ ਨੂੰ ਲੈ ਕੇ ਝਗੜਾ ਕਰਨ ਲੱਗਾ। ਦੋਹਾਂ ਪੱਖਾਂ ਵਲੋਂ ਜ਼ਬਰਦਸਤ ਲੜਾਈ ਅਤੇ ਕੁੱਟਮਾਰ ਹੋਣ ਲੱਗੀ। ਗੱਲ ਇੰਨੀ ਵਧ ਗਈ ਕਿ ਮੋਹਰ ਅਤੇ ਉਸ ਦੇ ਬੇਟੇ ਉਮੇਸ਼ ਨੇ ਰਾਮ ਆਦਿਵਾਸੀ 'ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਕੋਲ ਖੜ੍ਹਾ ਰਾਮ ਸਿੰਘ ਦਾ ਡੇਢ ਸਾਲ ਦਾ ਬੇਟਾ ਵੀ ਇਸ ਦੀ ਲਪੇਟ 'ਚ ਆ ਗਿਆ। ਦੋਸ਼ੀਆਂ ਨੇ ਉਸ 'ਤੇ ਲਾਠੀਆਂ ਮਾਰ ਦਿੱਤੀਆਂ, ਜਿਸ ਨਾਲ ਬੱਚੇ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ। ਇਸ ਹਮਲੇ 'ਚ ਰਾਮ ਆਦਿਵਾਸੀ ਜ਼ਖਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਉਸ ਨੇ ਲੜਾਈ ਖਤਮ ਕਰਵਾਈ। ਪੁਲਸ ਨੇ ਦੋਹਾਂ ਦੋਸ਼ੀਆਂ ਮੋਹਰ ਸਿੰਘ ਅਤੇ ਉਸ ਦੇ ਬੇਟੇ ਉਮੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਜ਼ਖਮੀ ਰਾਮ ਆਦਿਵਾਸੀ ਨੂੰ ਇਲਾਜ ਲਈ ਬੀਨਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ 25 ਸਤੰਬਰ ਨੂੰ ਸ਼ਿਵਪੁਰੀ ਦੇ ਭਾਵਖੇੜੀ ਪਿੰਡ 'ਚ 2 ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਸੀ। ਇੱਥੇ ਰਹਿਣ ਵਾਲੇ ਹਾਕਿਮ ਸਿੰਘ ਯਾਦਵ ਅਤੇ ਰਾਮੇਸ਼ਵਰ ਸਿੰਘ ਯਾਦਵ ਨੇ ਸੜਕ ਦੇ ਕਿਨਾਰੇ ਟਾਇਲਟ ਕਰ ਕੇ 2 ਬੱਚਿਆਂ 12 ਸਾਲ ਦੀ ਰੋਸ਼ਨੀ ਵਾਲਮੀਕਿ ਅਤੇ 10 ਸਾਲ ਦੇ ਅਵਿਨਾਸ਼ ਨੂੰ ਲਾਠੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਦੋਵੇਂ ਬੱਚੇ ਆਪਸ 'ਚ ਰਿਸ਼ਤੇ 'ਚ ਭੂਆ-ਭਤੀਜੇ ਸਨ, ਇਹ ਦੋਵੇਂ ਟਾਇਲਟ ਲਈ ਘਰੋਂ ਨਿਕਲੇ ਸਨ।