ਤ੍ਰਿਣਮੂਲ ਨੇਤਾ ਦੀ ਸਰਕਾਰੀ ਦਫਤਰ ’ਚ ਬੰਦੂਕ ਨਾਲ ਤਸਵੀਰ ਵਾਇਰਲ
Wednesday, Dec 08, 2021 - 05:58 PM (IST)
ਮਾਲਦਾ (ਪੱਛਮੀ ਬੰਗਾਲ), (ਭਾਸ਼ਾ)– ਪੱਛਮੀ ਬੰਗਾਲ ਦੇ ਮਾਲਦਾ ਜ਼ਿਲੇ ’ਚ ਇਕ ਸਰਕਾਰੀ ਦਫਤਰ ’ਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ ਇਕ ਨੇਤਾ ਦੀ ਬੰਦੂਕ ਨਾਲ ਪੋਜ਼ ਦੇਣ ਦੀ ਇਕ ਕਥਿਤ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਨਾਲ ਮੰਗਲਵਾਰ ਨੂੰ ਸਿਆਸੀ ਵਿਵਾਦ ਪੈਦਾ ਹੋ ਗਿਆ। ਓਲਡ ਮਾਲਦਾ ਪੰਚਾਇਤ ਕਮੇਟੀ ਦੀ ਪ੍ਰਧਾਨ ਮ੍ਰਿਣਾਲਿਨੀ ਮੰਡਲ ਮੈਤੀ ਕਥਿਤ ਫੋਟੋ ’ਚ ਇਕ ਅਧਿਕਾਰਕ ਕੁਰਸੀ ’ਤੇ ਬੈਠੀ ਹੈ ਅਤੇ ਉਸ ਦੇ ਹੱਥ ’ਚ ਇਕ ਬੰਦੂਕ ਹੈ। ਮੈਤੀ ਤ੍ਰਿਣਮੂਲ ਮਹਿਲਾ ਇਕਾਈ ਦੀ ਜ਼ਿਲਾ ਇਕਾਈ ਦੀ ਪ੍ਰਧਾਨ ਵੀ ਹੈ।
ਤ੍ਰਿਣਮੂਲ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਭਾਜਪਾ ਜ਼ਿਲਾ ਪ੍ਰਧਾਨ ਗੋਬਿੰਦ ਚੰਦਰ ਮੰਡਲ ਨੇ ਦੋਸ਼ ਲਗਾਇਆ ਕਿ ਜੇ ਉਨ੍ਹਾਂ ਦੀ ਤਲਾਸ਼ੀ ਲਈ ਜਾਵੇ ਤਾਂ ਪੁਲਸ ਨੂੰ ਬੰਬ ਅਤੇ ਰਾਈਫਲ ਵੀ ਮਿਲੇਗੀ। ਇਹ ਤ੍ਰਿਣਮੂਲ ਦੀ ਸੰਸਕ੍ਰਿਤੀ ਹੈ। ਪੁਲਸ ਨੌਕਰੀ ਜਾਣ ਦੇ ਡਰ ਤੋਂ ਕੁਝ ਨਹੀਂ ਕਰ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੈਤੀ ਕਿਸੇ ਵਿਵਾਦ ’ਚ ਫਸੀ ਹੈ। ਇਸ ਤੋਂ ਪਹਿਲਾਂ ਉਸ ਦੇ ਪਤੀ ’ਤੇ ਖੇਤਰ ਦੇ ਬਲਾਕ ਵਿਕਾਸ ਅਧਿਕਾਰੀ ਦੇ ਦਫਤਰ ’ਚ ਇਕ ਸਰਕਾਰੀ ਅਧਿਕਾਰੀ ਦੀ ਮਾਰਕੁੱਟ ਦਾ ਦੋਸ਼ ਲੱਗਾ ਸੀ।