ਕੁੜੀ ਨਾਲ ਹੋਏ ਜਬਰ ਜ਼ਿਨਾਹ ਦਾ ਮਾਮਲਾ, ਕਿਸਾਨ ਏਕਤਾ ਮੋਰਚਾ ਵੱਲੋਂ ਪੀੜਤ ਪਰਿਵਾਰ ਨੂੰ ਮਦਦ ਦਾ ਭਰੋਸਾ

5/10/2021 6:23:13 PM

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਦੋਸ਼ਾਂ ਦੀ ਜਾਂਚ ਕਰੇਗਾ ਕਿ ਉਸ ਦੇ ਕੁਝ ਨੇਤਾਵਾਂ ਨੂੰ ਟਿਕਰੀ ਬਾਰਡਰ ਪ੍ਰਦਰਸ਼ਨ ਸਥਾਨ 'ਤੇ ਇਕ ਵਰਕਰ ਬੀਬੀ ਦੀ ਯੌਨ ਉਤਪੀੜਨ ਬਾਰੇ ਜਾਣਕਾਰੀ ਸੀ, ਜਿਸ ਦੀ ਬਾਅਦ 'ਚ ਹਰਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਕੋਰੋਨਾ ਕਾਰਨ ਮੌਤ ਹੋ ਗਈ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਇਕ ਆਨਲਾਈਨ ਪੱਤਰਕਾਰ ਸੰਮੇਲਨ 'ਚ ਕਿਹਾ,''ਅਸੀਂ ਟੈਲੀਵਿਜ਼ਨ 'ਤੇ ਇਹ ਖ਼ਬਰਾਂ ਦੇਖੀਆਂ ਹਨ ਕਿ ਟਿੱਕਰੀ ਬਾਰਡਰ 'ਤੇ ਕੁਝ ਕਿਸਾਨ ਆਗੂਆਂ ਨੂੰ ਉਤਪੀੜਨ ਬਾਰੇ ਜਾਣਕਾਰੀ ਸੀ ਅਤੇ ਉਨ੍ਹਾਂ ਨੇ ਕੋਈ ਕਦਮ ਨਹੀਂ ਚੁੱਕਿਆ। ਅਸੀਂ ਮੌਜੂਦਾ ਸਮੇਂ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਅਸੀਂ ਤੁਹਾਨੂੰ ਭਰੋਸਾ ਦਿੰਦੇ ਹਾਂ ਕਿ ਅਸੀਂ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਾਂਗੇ ਅਤੇ ਸਖ਼ਤ ਕਾਰਵਾਈ ਕਰਾਂਗੇ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਪੀੜਤ ਪਰਿਵਾਰ ਦੀ ਹਰ ਮਦਦ ਕਰਾਂਗੇ।

ਸੰਯੁਕਤ ਕਿਸਾਨ ਮੋਰਚਾ ਨੇ ਉਨ੍ਹਾਂ ਖ਼ਬਰਾਂ ਨੂੰ ਲੈ ਕੇ ਐਤਵਾਰ ਨੂੰ ਕਿਹਾ ਸੀ ਕਿ ਉਹ ਬੀਬੀਆਂ ਵਿਰੁੱਧ ਹਿੰਸਾ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਦਾ ਹੈ, ਜਿਸ 'ਚ ਕਿਹਾ ਗਿਆ ਸੀ ਕਿ ਪੱਛਮੀ ਬੰਗਾਲ ਦੀ ਰਹਿਣ ਵਾਲੀ ਵਰਕਰ ਬੀਬੀ ਦਾ ਯੌਨ ਉਤਪੀੜਨ ਕੀਤਾ ਗਿਆ ਸੀ। ਯਾਦਵ ਨੇ ਕਿਹਾ ਕਿ ਕਿਸਾਨਾਂ ਦੇ ਸੰਗਠਨ ਨੂੰ ਉਤਪੀੜਨ ਬਾਰੇ ਉਦੋਂ ਪਤਾ ਲੱਗਾ, ਜਦੋਂ ਪੀੜਤਾ ਦੇ ਪਿਤਾ, ਜੋ ਪੱਤਰਕਾਰ ਸੰਮੇਲਨ 'ਚ ਮੌਜੂਦ ਸਨ, 2 ਮਈ ਨੂੰ ਉਨ੍ਹਾਂ ਨੂੰ ਮਿਲਣ ਆਏ। ਉਨ੍ਹਾਂ ਕਿਹਾ,''ਪਿਤਾ 29 ਅਪ੍ਰੈਲ ਨੂੰ ਦਿੱਲੀ ਪਹੁੰਚੇ ਅਤੇ ਕੁੜੀ ਨੂੰ ਮਿਲੇ ਜਿਸ ਦੀ ਹਾਲਤ ਗੰਭੀਰ ਸੀ। ਕੁੜੀ ਨੇ ਦਿਹਾਂਤ ਤੋਂ ਪਹਿਲਾਂ ਉਸ ਬਾਰੇ ਦੱਸਿਆ, ਕੁੜੀ ਦਾ 30 ਅਪ੍ਰੈਲ ਨੂੰ ਦਿਹਾਂਤ ਹੋ ਗਿਆ।''

ਉੱਥੇ ਹੀ ਕੁੜੀ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮਾਂ ਦਾ ਉਸ ਪ੍ਰਤੀ ਰਵੱਈਆ ਠੀਕ ਨਹੀਂ ਸੀ ਅਤੇ ਉਹ ਉਸ ਨਾਲ ਧੱਕਾ ਅਤੇ ਬਲੈਕਮੇਲਿੰਗ ਕਰ ਰਹੇ ਸਨ। ਇਹ ਮਾਮਲਾ ਕਿਸਾਨ ਆਗੂਆਂ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਤੋਂ ਬਾਅਦ ਉਸ ਦਾ ਵੀਡੀਓ ਬਿਆਨ ਦਰਜ ਕੀਤਾ ਗਿਆ ਅਤੇ ਉਸ ਦਾ ਟੈਂਟ ਅੰਦੋਲਨਾਕਾਰੀਆਂ ਬੀਬੀਆਂ ਨਾਲ ਸ਼ਿਫਟ ਕਰ ਦਿੱਤਾ ਗਿਆ। ਐਫ.ਆਈ.ਆਰ. ਮੁਤਾਬਕ 21 ਅਪ੍ਰੈਲ ਨੂੰ ਪੀੜਤ ਕੁੜੀ ਨੂੰ ਬੁਖ਼ਾਰ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਸ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ, ਜਦੋਂ ਉਸ ਦੇ ਪਿਤਾ ਦਿੱਲੀ ਹਸਪਤਾਲ ਵਿਚ ਉਸ ਕੋਲ ਆਏ ਤਾਂ ਕੁੜੀ ਨੇ ਉਸ ਨੂੰ ਦੱਸਿਆ ਕਿ ਉਸ ਨਾਲ ਟਰੇਨ ਵਿਚ ਅਤੇ ਫਿਰ ਟੈਂਟ ਵਿਚ ਜਬਰ ਜ਼ਨਾਹ ਕੀਤਾ ਗਿਆ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਚ ਸ਼ਾਮਲ ਕੁੜੀ ਦੀ ਮੌਤ ਦਾ ਮਾਮਲਾ ਭਖਿਆ, ਹਰਿਆਣਾ ਸਰਕਾਰ ਵੱਲੋਂ ਜਾਂਚ ਦੇ ਆਦੇਸ਼ ਜਾਰੀ


DIsha

Content Editor DIsha