ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ 10 ਹੋਰ ਨੌਜਵਾਨ ਤਿਹਾੜ ਜੇਲ ’ਚੋਂ ਹੋਏ ਰਿਹਾਅ
Sunday, Feb 28, 2021 - 11:44 AM (IST)
ਜਲੰਧਰ/ਨਵੀਂ ਦਿੱਲੀ (ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ 10 ਹੋਰ ਕਿਸਾਨ ਜ਼ਮਾਨਤ ਮਿਲਣ ਮਗਰੋਂ ਤਿਹਾੜ ਜੇਲ ਵਿਚੋਂ ਰਿਹਾਅ ਹੋ ਗਏ। ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਨ੍ਹਾਂ ਨੌਜਵਾਨਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਕਾਲਕਾ ਨੇ ਦੱਸਿਆ ਕਿ ਜਿਹੜੇ ਨੌਜਵਾਨ ਰਿਹਾਅ ਹੋਏ ਹਨ, ਉਨ੍ਹਾਂ ਵਿਚ ਖੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਦੇਹਲਾ ਜ਼ਿਲਾ ਸੰਗਰੂਰ, ਗੁਰਮੇਜ ਸਿੰਘ ਉਰਫ ਗੁਰਮੇਲ ਸਿੰਘ ਵਾਸੀ ਪਿੰਡ ਦੇਹਲਾ ਜ਼ਿਲਾ ਸੰਗਰੂਰ, ਸਤਨਾਮ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਦੇਹਲਾ ਜ਼ਿਲਾ ਸੰਗਰੂਰ, ਜਗਪਾਲ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਗੱਡੂ ਕਲਾਂ ਪੁਲਸ ਥਾਣਾ ਬੋਹਾ, ਅਜੈਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਕਸਿਆਣਾ ਜ਼ਿਲਾ ਪਟਿਆਲਾ, ਧਰਮਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਜ਼ਤਵਾਲ ਜ਼ਿਲਾ ਮੋਗਾ, ਗੁਰਬਿੰਦਰ ਸਿੰਘ ਪੁੱਤਰ ਜੰਗ ਸਿੰਘ ਪਿੰਡ ਘੰਗਰੌਲੀ, ਜ਼ਿਲਾ ਪਟਿਆਲਾ, ਸੰਦੀਪ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਸ਼ੇਰੋਂ ਜ਼ਿਲਾ ਪਟਿਆਲਾ, ਹਰਵਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਪਿੰਡ ਲੱਖੋ ਮਾਜਰਾ, ਜ਼ਿਲਾ ਪਟਿਆਲਾ ਤੇ ਰੁਪਿੰਦਰ ਸਿੰਘ ਪੁੱਤਰ ਸੰਤਾ ਸਿੰਘ ਪਾਸੀ ਪਿੰਡ ਪੀਰੋਂ ਜ਼ਿਲਾ ਮਾਨਸਾ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਐੱਫ. ਆਈ. ਆਰ. ਨੰਬਰ 49 ਪੁਲਿਸ ਥਾਣਾ ਅਲੀਪੁਰ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ ਨੇ ਆਖਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਲੀਗਲ ਟੀਮ ਵੱਲੋਂ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਦੇ ਅਗਵਾਈ ਹੇਠ ਸਖ਼ਤ ਮਿਹਨਤ ਕਰ ਕੇ ਇਨ੍ਹਾਂ ਨੌਜਵਾਨਾਂ ਦੀ ਜ਼ਮਾਨਤ ਮਨਜ਼ੂਰ ਕਰਵਾਈ ਗਈ ਤੇ ਅੱਜ ਇਹ ਜੇਲ ਵਿਚੋਂ ਬਾਹਰ ਆ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਜਾਂ ਕਿਸਾਨ 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਸਨ ਤੇ ਹਾਲੇ ਵੀ ਤਿਹਾੜ ਜੇਲ ਵਿਚ ਬੰਦ ਹਨ, ਉਨ੍ਹਾਂ ਦੀਆਂ ਜ਼ਮਾਨਤਾਂ ਕਰਵਾਉਣ ਲਈ ਲੀਗਲ ਟੀਮ ਕੰਮ ਕਰ ਰਹੀ ਹੈ ਤੇ ਜਲਦੀ ਹੀ ਇਹ ਸਾਰੇ ਵੀ ਜੇਲ ਵਿਚੋਂ ਬਾਹਰ ਆ ਜਾਣਗੇ।ਉਨ੍ਹਾਂ ਮੁੜ ਦੁਹਰਾਇਆ ਕਿ ਦਿੱਲੀ ਗੁਰਦੁਆਰਾ ਕਮੇਟੀ ਸਿਰਫ ਇਨ੍ਹਾਂ ਦੀਆਂ ਜ਼ਮਾਨਤਾਂ ਕਰਵਾਉਣ ਤੱਕ ਸੀਮਤ ਨਹੀਂ ਰਹੇਗੀ ਬਲਕਿ ਇਨ੍ਹਾਂ ਦੇ ਕੇਸ ਲੜ ਕੇ ਇਨ੍ਹਾਂ ਨੂੰ ਬਾਇੱਜ਼ਤ ਬਰੀ ਵੀ ਕਰਵਾਇਆ ਜਾਵੇਗਾ।