NIA ਨੇ ਸਾਬਕਾ ਪੁਲਸ ਅਧਿਕਾਰੀ ਨਾਲ ਜੁੜੇ ਅੱਤਵਾਦੀ ਮਾਮਲੇ ''ਚ ਤਿੰਨ ਵਾਹਨ ਜ਼ਬਤ
Saturday, Feb 18, 2023 - 03:11 PM (IST)
ਸ਼੍ਰੀਨਗਰ (ਵਾਰਤਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਜੰਮੂ ਕਸ਼ਮੀਰ ਦੇ ਸਾਬਕਾ ਪੁਲਸ ਅਧਿਕਾਰੀ ਦੇਵੇਂਦਰ ਸਿੰਘ ਤੋਂ ਹਥਿਆਰ ਅਤੇ ਗੋਲਾ-ਬਾਰੂਦ ਦੀ ਬਰਾਮਦਗੀ ਨਾਲ ਸੰਬੰਧਤ ਮਾਮਲੇ ਨੂੰ ਲੈ ਕੇ ਕਾਰਵਾਈ ਵਜੋਂ ਤਿੰਨ ਵਾਹਨ ਜ਼ਬਤ ਕੀਤੇ ਹਨ। ਪੁਲਸ ਨੇ ਦੱਸਿਆ ਕਿ ਇਸ ਕਾਰ 'ਚ ਸਵਾਰ ਚੌਥਾ ਵਿਅਕਤੀ ਅਜੇ ਵੀ 'ਓਵਰਗ੍ਰਾਊਂਡ ਵਰਕਰ' ਹੈ। ਪੁਲਸ ਅਨੁਸਾਰ, ਇਕ ਸਾਬਕਾ ਡਿਪਟੀ ਸੁਪਰਡੈਂਟ ਦੇਵੇਂਦਰ ਸਿੰਘ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ 2020 'ਚ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹੀਦੀਨ ਦੇ 2 ਸਰਗਰਮ ਅੱਤਵਾਦੀਆਂ ਸਮੇਤ ਤਿੰਨ ਲੋਕਾਂ ਨਾਲ ਇਕ ਨਿੱਜੀ ਵਾਹਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਸਟੇਸ਼ਨ ਕਾਜੀਗੁੰਡ, ਕੁਲਗਾਮ 'ਚ ਇਸ ਮਾਮਲੇ ਨੂੰ 11 ਜਨਵਰੀ 2020 ਨੂੰ ਦਰਜ ਕੀਤਾ ਗਿਆ ਸੀ ਅਤੇ ਇਸ ਨੂੰ 17 ਜਨਵਰੀ 2020 ਨੂੰ ਐਨ.ਆਈ.ਏ. ਵਲੋਂ ਮੁੜ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਿੰਘ ਨੂੰ 2021 'ਚ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ।
ਏਜੰਸੀ ਦੇ ਬੁਲਾਰੇ ਨੇ ਕਿਹਾ ਕਿ 15 ਫਰਵਰੀ ਨੂੰ ਐੱਨ.ਆਈ.ਏ. ਨੇ ਯੂ.ਏ. (ਪੀ), ਐਕਟ ਦੀ ਧਾਰਾ 25 (1) ਦੇ ਅਧੀਨ ਤਿੰਨ ਵਾਹਨ ਜ਼ਬਤ ਕੀਤੇ, ਜਿਨ੍ਹਾਂ ਦਾ ਉਪਯੋਗ ਦੋਸ਼ੀ ਵਿਅਕਤੀਆਂ ਵਲੋਂ ਕਸ਼ਮੀਰ ਘਾਟੀ 'ਚ ਅੱਤਵਾਦੀ ਗਤੀਵਿਧੀਆਂ ਅੱਗੇ ਵਧਾਉਣ ਲਈ ਕੀਤਾ ਗਿਆ। ਜ਼ਬਤ ਵਾਹਨਾਂ 'ਚ ਇਕ ਹੁੰਡਈ ਆਈ 20, ਮਾਰੂਤੀ 800 ਕਾਰ ਅਤੇ ਹੁੰਡਈ ਆਈ 20 ਸਪੋਰਟਸ ਸ਼ਾਮਲ ਹਨ। ਐੱਨ.ਆਈ.ਏ. ਨੇ ਕਿਹਾ ਕਿ ਹਿਜ਼ਬੁਲ ਮੁਜਾਹੀਦੀਨ (ਐੱਚ.ਐੱਮ.) ਦੇ 2 ਸਰਗਰਮ ਅੱਤਵਾਦੀਆਂ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਇਕ ਹੁੰਡਈ ਆਈ20 ਕਾਰ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪ੍ਰਦੇਸ਼ ਤੋਂ ਬਾਹਰ ਜਾ ਰਹੇ ਸਨ। ਐੱਨ.ਆਈ.ਏ. ਨੇ ਕਿਹਾ ਕਿ 11 ਜਨਵਰੀ 2020 ਨੂੰ ਮੀਰ ਬਾਜ਼ਾਰ ਕੁਲਗਾਮ ਨੇੜੇ ਸ਼੍ਰੀਨਗਰ-ਜੰਮੂ ਹਾਈਵੇਅ 'ਤੇ ਅਲ-ਸਟਾਪ ਨਾਕੇ 'ਤੇ ਇਕ ਕਾਰ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਦੌਰਾਨ ਇਕ ਏ.ਕੇ.-47 ਰਾਈਫਲ, ਤਿੰਨ ਪਿਸਤੌਲ, ਇਕ ਹੈਂਡ ਗ੍ਰਨੇਡ, ਗੋਲਾ ਬਾਰੂਦ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤਾ ਗਈ। ਇਹ ਸਾਮਾਨ ਜ਼ਬਤ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।