ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਸ਼ਹਿਰ 'ਚ ਦੇਰ ਰਾਤ 3 ਮੰਜ਼ਿਲਾ ਇਮਾਰਤ ਡਿੱਗੀ
Monday, Sep 21, 2020 - 07:29 AM (IST)
ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਭਿਵੰਡੀ ਸ਼ਹਿਰ ਵਿਚ ਐਤਵਾਰ ਦੇਰ ਰਾਤ ਇਕ ਤਿੰਨ ਮੰਜ਼ਿਲਾ ਇਮਾਰਤ ਤਾਸ਼ ਦੀ ਤਰ੍ਹਾਂ ਢਹਿ ਗਈ। ਇਮਾਰਤ ਵਿਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦੇ ਮਲਬੇ ਵਿਚ ਫਸੇ ਹੋਣ ਦਾ ਖ਼ਦਸ਼ਾ ਹੈ। ਸਥਾਨਕ ਲੋਕਾਂ ਅਨੁਸਾਰ, 1984 ਵਿਚ ਬਣੇ ਜਿਲਾਨੀ ਅਪਾਰਟਮੈਂਟ, ਮਕਾਨ ਨੰਬਰ 69, ਨਾਮਕ ਇਸ ਇਮਾਰਤ ਦਾ ਅੱਧਾ ਹਿੱਸਾ ਦੇਰ ਰਾਤ ਢਹਿ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੇ 21 ਨੰਬਰ ਫਲੈਟ ਵਿਚ ਬਹੁਤ ਸਾਰੇ ਲੋਕ ਡੂੰਘੀ ਨੀਂਦ ਸੁੱਤੇ ਹੋਏ ਸਨ। ਅਚਾਨਕ ਰਾਤ 3.20 ਵਜੇ ਭਿਵੰਡੀ ਦੇ ਪਟੇਲ ਕੰਪਾਊਂਡ ਵਿਚ ਹਫੜਾ-ਦਫੜੀ ਮਚ ਗਈ। ਫਿਲਹਾਲ ਸਥਾਨਕ ਨਾਗਰਿਕ ਅਤੇ ਮਨਪਾ ਦੀ ਟੀਮ ਰਾਹਤ ਅਤੇ ਬਚਾਅ ਦਾ ਕੰਮ ਕਰ ਰਹੇ ਹਨ।
ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ 8 ਲੋਕਾਂ ਦੀਆਂ ਲਾਸ਼ਾਂ ਨੂੰ ਇਮਾਰਤ ਦੇ ਮਲਬੇ ਵਿਚੋਂ ਕੱਢਿਆ ਗਿਆ ਹੈ, ਜਦੋਂ ਕਿ ਰਾਹਤ ਕਾਰਜ ਦੌਰਾਨ 20 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕੁਝ ਲੋਕਾਂ ਦੇ ਅਜੇ ਵੀ ਫਸੇ ਹੋਣ ਦਾ ਖ਼ਦਸ਼ਾ ਹੈ। 20-25 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਐੱਨ. ਡੀ. ਆਰ. ਐੱਫ. ਦੀ ਟੀਮ ਵੱਲੋਂ ਮਲਬੇ ਵਿਚੋਂ ਇਕ ਬੱਚੇ ਨੂੰ ਵੀ ਬਚਾਇਆ ਗਿਆ ਹੈ।