ਗਰਮੀ ਦੀਆਂ ਛੁੱਟੀਆਂ ਦਾ ਯਾਤਰੀ ਮਾਣ ਸਕਣਗੇ ਆਨੰਦ, ਨਵੀਂ ਦਿੱਲੀ ਤੋਂ ਕਟੜਾ ਲਈ ਚੱਲਣਗੀਆਂ 3 ਸਪੈਸ਼ਲ ਟਰੇਨਾਂ

05/29/2023 6:08:30 PM

ਜੰਮੂ- ਦੇਸ਼ ਭਰ 'ਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰੀਆਂ ਦੀ ਭਾਰੀ ਭੀੜ ਨੂੰ ਵੇਖਦੇ ਹੋਏ ਉੱਤਰ ਰੇਲਵੇ 2 ਜੂਨ ਤੋਂ 30 ਜੁਲਾਈ ਤੱਕ ਨਵੀਂ ਦਿੱਲੀ ਤੋਂ ਕਟੜਾ ਲਈ 3 ਸਪੈਸ਼ਲ ਟਰੇਨਾਂ ਚਲਾਏਗਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਸ਼ਰਧਾਲੂਆਂ ਦੀ ਯਾਤਰਾ ਸੌਖਾਲੀ ਬਣਾਉਣ ਲਈ ਨਵੀਂ ਦਿੱਲੀ ਤੋਂ ਜੰਮੂ 'ਚ ਕਟੜਾ ਤੱਕ 3 ਸਪੈਸ਼ਲ ਟਰੇਨਾਂ 2 ਜੂਨ ਤੋਂ ਸ਼ੁਰੂ ਹੋਣਗੀਆਂ। ਅਧਿਕਾਰੀਆਂ ਮੁਤਾਬਕ ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਟਰੇਨ ਹਰੇਕ ਸ਼ੁੱਕਰਵਾਰ ਨੂੰ ਰਾਤ 11.15 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.25 ਵਜੇ ਕਟੜਾ ਪਹੁੰਚੇਗੀ। 

ਉਲਟ ਦਿਸ਼ਾ ਯਾਨੀ ਕਿ ਵਾਪਸੀ 'ਚ ਇਹ ਟਰੇਨ ਹਰੇਕ ਸ਼ਨੀਵਾਰ ਨੂੰ ਸ਼ਾਮ ਸਾਢੇ 6 ਵਜੇ ਰਵਾਨਾ ਹੋਵੇਗੀ। ਏਸੀ ਕੋਚ ਵਾਲੀ ਸਪੈਸ਼ਲ ਟਰੇਨ ਦਾ ਸੋਨੀਪਤ, ਪਾਨੀਪਤ, ਕਰਨਾਲ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਊਧਮਪੁਰ 'ਚ ਠਹਿਰਾਅ ਹੋਵੇਗਾ। ਇਕ ਹੋਰ ਸਪੈਸ਼ਲ ਟਰੇਨ ਨਵੀਂ ਦਿੱਲੀ-ਊਧਮਪੁਰ-ਨਵੀਂ ਦਿੱਲੀ 1 ਜੂਨ ਤੋਂ 30 ਜੁਲਾਈ ਤੱਕ ਚਲੇਗੀ। ਇਹ ਨਵੀਂ ਦਿੱਲੀ ਤੋਂ ਹਰੇਕ ਵੀਰਵਾਰ ਨੂੰ ਰਾਤ 11.15 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10.55 ਵਜੇ ਊਧਮਪੁਰ ਪਹੁੰਚੇਗੀ। 

ਵਾਪਸੀ ਵਿਚ ਇਹ ਟਰੇਨ ਹਰੇਕ ਸ਼ੁੱਕਰਵਾਰ ਸ਼ਾਮ 7 ਵਜੇ ਊਧਮਪੁਰ ਤੋਂ ਰਵਾਨਾ ਹੋਵੇਗੀ ਅਤੇ ਸੋਨੀਪਤ, ਪਾਨੀਪਤ, ਕਰਨਾਲ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ ਅਤੇ ਜੰਮੂ ਤਵੀ ਸਟੇਸ਼ਨਾਂ 'ਤੇ ਰੁਕੇਗੀ। ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ ਵਿਚਾਲੇ ਇਕ ਹੋਰ ਹਫ਼ਤੇਵਾਰੀ ਸਪੈਸ਼ਲ ਟਰੇਨ ਤੀਰਥ ਯਾਤਰੀਆਂ ਨੂੰ ਰਾਹਤ ਦੇਵੇਗੀ, ਜੋ 3 ਜੂਨ ਤੋਂ 25 ਜੁਲਾਈ ਤੱਕ 4 ਫੇਰੇ ਲਾਏਗੀ। ਓਧਰ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਦੱਸਿਆ ਕਿ 35,000 ਤੋਂ 40,000 ਤੀਰਥ ਯਾਤਰੀ ਰੋਜ਼ਾਨਾ ਕਟੜਾ ਪਹੁੰਚ ਰਹੇ ਹਨ ਅਤੇ ਵੀਕਐਂਡ 'ਚ ਹਰ ਸਾਲ ਇਹ ਅੰਕੜਾ ਵੱਧ ਹੋ ਜਾਂਦਾ ਹੈ।


Tanu

Content Editor

Related News