ਗੈਂਗਸਟਰ ਸੰਦੀਪ ਬੜਵਾਸਨੀ ਗਿਰੋਹ ਦੇ ਤਿੰਨ ਮੈਂਬਰ ਦਿੱਲੀ ''ਚ ਗ੍ਰਿਫ਼ਤਾਰ

03/25/2023 3:41:41 PM

ਨਵੀਂ ਦਿੱਲੀ (ਵਾਰਤਾ)- ਦਿੱਲੀ ਪੁਲਸ ਦੀ ਵਿਸ਼ੇਸ਼ ਬਰਾਂਚ ਨੇ ਸੰਦੀਪ ਬੜਵਾਸਨੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਰਾਸ਼ਟਰੀ ਰਾਜਧਾਨੀ 'ਚ ਵਿਰੋਧੀ ਗਿਰੋਹ ਦੇ ਮੈਂਬਰਾਂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਹੇ ਸਨ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸ਼ੀਆਂ ਦੀ ਪਛਾਣ ਦਿੱਲੀ ਦੇ ਪਿੰਡ ਮੁੰਗੇਸ਼ਪੁਰ ਵਾਸੀ ਗੌਰਵ ਰਾਣਾ (32), ਅੰਕਿਤ ਚੌਧਰੀ (32) ਅਤੇ ਦਿੱਲੀ ਦੇ ਪਿੰਡ ਕੁਤੁਬਗੜ੍ਹ ਵਾਸੀ ਰੋਹਿਤ ਰਾਣੀ (30) ਵਜੋਂ ਹੋਈ ਹੈ, ਜਿਨ੍ਹਾਂ ਨੂੰ ਉੱਤਰ ਨਗਰ ਦੇ ਭਗਵਤੀ ਗਾਰਡਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ (ਵਿਸ਼ੇਸ਼ ਸੈੱਲ) ਇੰਜੀਤ ਪ੍ਰਤਾਪ ਸਿੰਘ ਨੇ ਕਿਹਾ ਕਿ ਪੁਲਸ ਨੂੰ ਪਤਾ ਲੱਗਾ ਕਿ ਸੰਦੀਪ ਬੜਵਾਸਨੀ ਗੈਂਗ ਦਾ ਸ਼ਾਰਪ ਸ਼ੂਟਰ ਗੌਰਵ ਕਤਲ ਅਤੇ ਕਤਲ ਦੀ ਕੋਸ਼ਿਸ਼, ਰੰਗਦਾਰੀ ਅਤੇ ਡਕੈਤੀ ਦੇ ਕਈ ਮਾਮਲਿਆਂ 'ਚ ਲੋੜੀਂਦਾ ਹੈ। ਗੌਰਵ ਦੁਸ਼ਮਣੀ ਕਾਰਨ ਆਪਣੇ ਪਿੰਡ ਦੇ ਹੀ ਵਿਰੋਧੀ ਮੁਕੇਸ਼ ਰਾਣਾ ਨੂੰ ਮਾਰਨ ਲਈ ਗੈਰ-ਕਾਨੂੰਨੀ ਹਥਿਆਰ ਖਰੀਦਣ ਲਈ ਪੈਸਿਆਂ ਦੀ ਵਿਵਸਥਾ ਕਰ ਰਿਹਾ ਸੀ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਸਮਰਥਨ 'ਚ ਰਾਏਪੁਰ 'ਚ ਕੱਢੀ ਗਈ ਰੈਲੀ, ਚਾਰ ਲੋਕ ਗ੍ਰਿਫ਼ਤਾਰ

ਡੀ.ਸੀ.ਪੀ. ਨੇ ਕਿਹਾ,''ਬੁੱਧਵਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੌਰਵ ਆਪਣੇ ਸਹਿਯੋਗੀਆਂ ਨਾਲ ਦਵਾਰਕਾ ਮੋੜ ਦੇ ਇਲਾਕੇ 'ਚ ਲੁੱਕਿਆ ਹੋਇਆ ਹੈ ਅਤੇ ਮੁਕੇਸ਼ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਬਾਅਦ ਛਾਪਾ ਮਾਰਿਆ ਗਿਆ ਅਤੇ ਤਿੰਨਾਂ ਨੂੰ ਉਸ ਸਮੇਂ ਫੜਿਆ ਗਿਆ, ਜਦੋਂ ਉਹ ਮੁਕੇਸ਼ ਨੂੰ ਖ਼ਤਮ ਕਰਨ ਲਈ ਲੋਡੇਡ ਗੈਰ-ਕਾਨੂੰਨੀ ਹਥਿਆਰਾਂ ਨਾਲ ਘਰੋਂ ਬਾਹਰ ਆ ਰਹੇ ਸਨ।''  ਪੁਲਸ ਨੇ ਦੋਸ਼ੀਆਂ ਦੇ ਕਬਜ਼ੇ 'ਚੋਂ 12 ਗੋਲੀਆਂ ਨਾਲ 2 ਸਿੰਗਲ ਸ਼ਾਟ ਪਿਸਟਲ ਵੀ ਬਰਾਮਦ ਕੀਤੇ ਹਨ। ਪੁਲਸ ਰਿਕਾਰਡ ਅਨੁਸਾਰ 2014-15 'ਚ ਸੰਦੀਪ ਬੜਵਾਸਨੀ ਨੇ ਗੈਰ-ਕਾਨੂੰਨੀ ਸ਼ਰਾਬ ਸਪਲਾਈ ਕਾਰੋਬਾਰ 'ਚ ਆਪਣੇ ਵਿਰੋਧੀਆਂ ਤੋਂ ਬਦਲਾ ਲੈਣ ਲਈ ਹਰਿਆਣਾ ਦੇ ਸੋਨੀਪਤ 'ਚ ਆਪਣਾ ਗਿਰੋਹ ਬਣਾਇਆ ਸੀ। ਡੀ.ਸੀ.ਪੀ. ਨੇ ਕਿਹਾ,''ਫਰਵਰੀ 2017 'ਚ ਸੰਦੀਪ ਬੜਵਾਸਨੀ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਗਿਰੋਹ ਦਾ ਸੰਚਾਲਨ ਅਜੇ, ਰੂਪਿੰਦਰ ਅਤੇ ਗੌਰਵ ਰਾਣਾ ਕਰ ਰਹੇ ਹਨ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News