ਸੰਸਦ ਨੂੰ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ’ਚ ਸਾਬਕਾ ਵਿਧਾਇਕ ਦੋਸ਼ੀ ਕਰਾਰ
Friday, Feb 21, 2025 - 12:02 AM (IST)

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਕਿਸ਼ੋਰ ਸਮਰੀਤੇ ਨੂੰ ਮੰਗਾਂ ਪੂਰੀਆਂ ਨਾ ਹੋਣ ’ਤੇ ਸਤੰਬਰ 2022 ਵਿਚ ਸੰਸਦ ਨੂੰ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਹੈ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਹਾਲਾਂਕਿ ਉਸ ਨੂੰ ਧਮਾਕਾਖੇਜ਼ ਸਮੱਗਰੀ ਰੱਖਣ ਅਤੇ ਇਸ ਦੇ ਰਾਹੀਂ ਜਾਨ ਨੂੰ ਖਤਰੇ ਵਿਚ ਪਾਉਣ ਜਾਂ ਸੱਟ ਪਹੁੰਚਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਅਦਾਲਤ ਨੇ ਕਿਹਾ ਕਿ ਰਾਜ ਸਭਾ ਦੇ ਜਨਰਲ ਸਕੱਤਰ ਦੇ ਦਫ਼ਤਰ ਨੂੰ ਕਥਿਤ ਤੌਰ ’ਤੇ ਭੇਜੇ ਗਏ ਪਾਰਸਲ ਵਿਚੋਂ ਮਿਲੀ ਸਮੱਗਰੀ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਹ ‘ਧਮਾਕਾਖੇਜ਼ ਸਮੱਗਰੀ ਦੀ ਸਮੱਰਥਾ ਦੇ ਮਾਮਲੇ ਵਿਚ ਨੁਕਸਾਨਦੇਹ’ ਹੈ। ਅਦਾਲਤ ਦੇ 18 ਫਰਵਰੀ ਦੇ ਫੈਸਲੇ ਵਿਚ ਕਿਹਾ ਗਿਆ ਕਿ ਹਾਲਾਂਕਿ ਧਮਾਕਾਖੇਜ਼ ਪਦਾਰਥ ਐਕਟ ਦੀ ਧਾਰਾ 5(ਏ) (ਧਮਾਕਾਖੇਜ਼ ਪਦਾਰਥ ਰਾਹੀਂ ਜੀਵਨ ਨੂੰ ਖਤਰੇ ਵਿਚ ਪਾਉਣਾ) ਅਤੇ ਧਮਾਕਾਖੇਜ਼ ਐਕਟ ਦੀ ਧਾਰਾ 9ਬੀ(1)(ਬੀ) (ਧਮਾਕਾਖੇਜ਼ ਪਦਾਰਥ ਦਾ ਨਿਰਮਾਣ, ਦਰਾਮਦ ਤੇ ਬਰਾਮਦ) ਦੇ ਤਹਿਤ ਦੋਸ਼ ਸਾਬਿਤ ਨਹੀਂ ਹੋਏ, ਫਿਰ ਵੀ ਇਹ ਸਾਬਿਤ ਹੋ ਗਿਆ ਕਿ ਦੋਸ਼ੀ ਨੇ ਇਕ ਪੱਤਰ ਭੇਜਿਆ ਸੀ, ਜਿਸ ਵਿਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ, ਤਾਂ ਉਹ ਭਾਰਤ ਦੀ ਸੰਸਦ ਨੂੰ ਉਡਾ ਦੇਵੇਗਾ। ਜੱਜ 27 ਫਰਵਰੀ ਨੂੰ ਸਜ਼ਾ ’ਤੇ ਦਲੀਲਾਂ ਸੁਣਨਗੇ।