ਮੁੰਬਈ 'ਚ ਲਾਕਡਾਊਨ ਦਾ ਮਜ਼ਾਕ, ਬਾਂਦ੍ਰਾ ਸੜਕ ਕਿਨਾਰੇ ਇਕੱਠੇ ਹੋਏ ਹਜ਼ਾਰਾਂ ਲੋਕ
Tuesday, Apr 14, 2020 - 06:19 PM (IST)

ਮੁੰਬਈ- ਭਾਰਤ ਜਿਥੇ ਕੋਰੋਨਾਵਾਇਰਸ ਤੋਂ ਨਿਜਾਤ ਹਾਸਲ ਕਰਨ ਲਈ ਜਦੋ-ਜਹਿਦ ਕਰ ਰਿਹਾ ਹੈ ਉਥੇ ਮੁੰਬਈ ਵਿਚ ਸਰਕਾਰ ਵਲੋਂ ਚੁੱਕੇ ਕਦਮਾਂ ਤੇ ਲਾਕਡਾਊਨ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਤਾਜ਼ਾ ਜਾਰੀ ਇਕ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਮੁੰਬਈ ਦੀ ਬਾਂਦ੍ਰਾ ਸੜਕ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਹਨ। ਸਥਾਨਕ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਆਪਣੇ ਘਰਾਂ ਨੂੰ ਪਰਤਣ ਵਾਲੇ ਪਰਵਾਸੀ ਮਜ਼ਦੂਰ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ ਤਕਰੀਬਨ 2000 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 160 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ 24 ਮਾਰਚ ਨੂੰ ਲਾਕਡਾਊਨ ਦੇ ਐਲਾਨ ਤੋਂ ਬਾਅਦ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿਚੋਂ ਅਜਿਹੀ ਹੀ ਤਸਵੀਰ ਦੇਖਣ ਨੂੰ ਮਿਲੀ ਸੀ। ਮੁੰਬਈ ਦੇ ਜਾਮਾ ਮਸਜਿਦ ਦੇ ਕੋਲ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠਾ ਹੋਏ। ਲਾਕਡਾਊਨ ਵਿਚ ਫਸੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭੋਜਨ ਤੱਕ ਨਹੀਂ ਮਿਲ ਰਿਹਾ। ਇਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਦੀ ਕੈਬਨਿਟ ਦੀ ਉਪ-ਕਮੇਟੀ ਦੀ ਬੈਠਕ ਵਿਚ ਇਸ ਗੱਲ 'ਤੇ ਚਰਚਾ ਕੀਤੀ ਗਈ ਕਿ ਜੋ ਮਜ਼ਦੂਰ ਯੂਪੀ-ਬਿਹਾਰ, ਰਾਜਸਥਾਨ ਜਾਂ ਹੋਰਾਂ ਸੂਬਿਆਂ ਤੋਂ ਹਨ, ਉਹਨਾਂ ਨੂੰ ਉਹਨਾਂ ਦੇ ਸੂਬਿਆਂ ਵਿਚ ਭੇਜਿਆ ਜਾਵੇ। ਇਸ ਦੇ ਲਈ ਹਰ ਸੂਬੇ ਦੀ ਸਰਹੱਦ 'ਤੇ ਇਮੀਗ੍ਰੇਸ਼ਨ ਵਿਭਾਗ ਦੀ ਤਰਜ 'ਤੇ ਇਕ ਅਸਥਾਈ ਵਿਭਾਗ ਬਣਾ ਕੇ ਮਜ਼ਦੂਰਾਂ ਦੀ ਜਾਂਚ ਕੀਤੀ ਜਾਵੇਗੀ ਤੇ ਪੁਖਤਾ ਜਾਂਚ ਤੋਂ ਬਾਅਦ ਮਜ਼ਦੂਰਾਂ ਨੂੰ ਉਹਨਾਂ ਦੇ ਗ੍ਰਹਿ ਨਗਰ ਭੇਜਿਆ ਜਾਵੇ। ਮਹਾਰਾਸ਼ਟਰ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਇਸ 'ਤੇ ਵਿਚਾਰ ਕਰੇ।
ਲਾਕਡਾਊਨ ਦੇ ਕਾਰਣ ਸਾਰੇ ਉਦਯੋਗ ਬੰਦ ਹਨ, ਅਜਿਹੇ ਵਿਚ ਮਹਾਰਾਸ਼ਟਰ ਸਰਕਾਰ ਸਣੇ ਕਈ ਹੋਰ ਸੂਬਿਆਂ ਵਿਚ ਮਜ਼ਦੂਰ ਫਸੇ ਹੋਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਠਾਕਰੇ ਸਰਕਾਰ ਮਹਾਰਾਸ਼ਟਰ ਵਿਚ ਫਸੇ ਹੋਰਾਂ ਸੂਬਿਆਂ ਦੇ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਭੋਜਨ ਭੇਜਣ ਦੇ ਪੱਖ ਵਿਚ ਹੈ।