ਦਿੱਲੀ ਨੂੰ ਲੰਡਨ ਬਣਾਉਣ ਦੀ ਗੱਲ ਕਰਨ ਵਾਲੇ ਜੇਲ੍ਹ ''ਚ ਸਭ ਕੁਝ ਬਣਾ ਰਹੇ ਹਨ : ਅਨੁਰਾਗ
Wednesday, Nov 30, 2022 - 10:01 AM (IST)
ਨਵੀਂ ਦਿੱਲੀ (ਵਿਸ਼ੇਸ਼)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਸਰਕਾਰ ’ਤੇ ਵਰ੍ਹਦਿਆਂ ਕਿਹਾ,‘‘ਦਿੱਲੀ ਸਮੇਤ ਪੂਰੇ ਦੇਸ਼ ਨੇ ਅਰਵਿੰਦ ਕੇਜਰੀਵਾਲ ਦੇ ਰੂਪ ਵਿਚ ਇਕ ਮੁੱਖ ਮੰਤਰੀ ਦੇਖਿਆ ਹੈ, ਜੋ ਭ੍ਰਿਸ਼ਟ ਹੈ।’’ ਉਨ੍ਹਾਂ ਕਿਹਾ ਕਿ ਉਹ (ਅਰਵਿੰਦ ਕੇਜਰੀਵਾਲ) ਕਹਿੰਦੇ ਸਨ ਕਿ ਦਿੱਲੀ ਨੂੰ ਲੰਡਨ ਬਣਾ ਦਿੱਤਾ ਜਾਵੇਗਾ ਅਤੇ ਹੁਣ ਲੱਗਦਾ ਹੈ ਕਿ ਉਹ ਜੇਲ੍ਹ ਵਿਚ ਸਭ ਕੁਝ ਬਣਾ ਰਿਹਾ ਹੈ। ਕੇਂਦਰੀ ਮੰਤਰੀ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ ਦੇ ਮੱਦੇਨਜ਼ਰ ਪੂਰਬੀ ਦਿੱਲੀ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਲਈ ਇੱਥੇ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਵਾਰਡ ਨੰਬਰ 202 ਪ੍ਰੀਤ ਵਿਹਾਰ, 208 ਅਨਾਰਕਲੀ, 207 ਵਿਸ਼ਵਾਸ ਨਗਰ, 242 ਦਿਆਲਪੁਰ ਅਤੇ 230 ਭਜਨਪੁਰਾ ਵਿੱਚ ਮੈਗਾ ਰੋਡ ਸ਼ੋਅ ਕੱਢਿਆ ਅਤੇ ਜਨਸੰਪਰਕ ਰਾਹੀਂ ਲੋਕਾਂ ਨੂੰ ਐੱਮ.ਸੀ.ਡੀ. ਵਿਚ ਭਾਜਪਾ ਨੂੰ ਮੁੜ ਜਿਤਾਉਣ ਦੀ ਅਪੀਲ ਕੀਤੀ। ਕੇਂਦਰੀ ਮੰਤਰੀ ਨੇ ਕਿਹਾ,''ਕੇਜਰੀਵਾਲ ਸਰਕਾਰ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ। ਉਹ ਬੱਚਿਆਂ ਦੇ ਕਲਾਸਰੂਮ ਤੋਂ ਵੀ ਨਹੀਂ ਨਿਕਲੇ। ਇਸ 'ਚ ਵੀ ਘਪਲਾ ਕੀਤਾ ਗਿਆ। ਪਖਾਨੇ ਨੂੰ ਕਲਾਸਰੂਮ ਕਿਹਾ ਜਾਂਦਾ ਸੀ। ਇਹ ਅਜਿਹੀ ਸਰਕਾਰ ਹੈ ਜਿਸ ਨੇ ਸਿੱਖਿਆ ਦਾ ਪਸਾਰ ਕਰਨ ਦੀ ਬਜਾਏ ਠੇਕਿਆਂ ਦਾ ਵਿਸਥਾਰ ਕੀਤਾ। ਲੋਕਾਂ ਨੂੰ ਹੁਣ ਉਨ੍ਹਾਂ ਦੀ ਅਸਲੀਅਤ ਪਤਾ ਲੱਗ ਗਈ ਹੈ।''
‘ਝੂਠ ਦੀ ਰਾਜਨੀਤੀ ’ਤੇ ਇਕ ਅਧਿਆਏ ਲਿਖਿਆ’
ਇਕ ਇਕੱਠ ਨੂੰ ਸੰਬੋਧਨ ਕਰਦਿਆਂ ਠਾਕੁਰ ਨੇ ਕਿਹਾ,"ਕੇਜਰੀਵਾਲ ਨੇ ਆਪਣੇ ਸੱਤ ਸਾਲਾਂ ਦੇ ਕਾਰਜਕਾਲ ਦੌਰਾਨ ਝੂਠ ਦੀ ਰਾਜਨੀਤੀ ਦਾ ਇਕ ਨਾ ਭੁੱਲਣ ਵਾਲਾ ਅਧਿਆਏ ਲਿਖਿਆ ਹੈ।" ਪੰਜਾਬ 'ਚ ‘ਆਪ’ ਦੀ ਸਰਕਾਰ ਬਣਦੇ ਹੀ ਉਨ੍ਹਾਂ ਦੇ ਸਿਹਤ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ’ਚ ਅਸਤੀਫ਼ਾ ਦੇਣਾ ਪਿਆ ਸੀ। ਦਿੱਲੀ ਦਾ ਸਿਹਤ ਮੰਤਰੀ ਜੇਲ੍ਹ 'ਚ ਹੈ ਅਤੇ ਮਸਾਜ ਦਾ ਮਜ਼ਾ ਲੈ ਰਿਹਾ ਹੈ। ਮਿਨਰਲ ਵਾਟਰ ਤੋਂ ਲੈ ਕੇ ਮਸਾਜ ਤੱਕ ਸਾਰੀਆਂ ਫਾਈਵ ਸਟਾਰ ਸਹੂਲਤਾਂ ਜੇਲ ਵਿੱਚ ਉਪਲਬਧ ਹਨ। ਅਜਿਹਾ ਕੇਜਰੀਵਾਲ ਦੇ ਮਾਡਲ 'ਚ ਹੀ ਹੋ ਸਕਦਾ ਹੈ। ਤੁਹਾਡੇ ਮੰਤਰੀ ਭ੍ਰਿਸ਼ਟਾਚਾਰ 'ਚ ਸ਼ਾਮਲ ਹਨ ਅਤੇ ਕੇਜਰੀਵਾਲ ਉਨ੍ਹਾਂ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦਿੰਦਾ ਹੈ।