ਜੋ ਖੁਦ ‘ਹੋਸ਼’ ’ਚ ਨਹੀਂ, ਉਹ ਨੌਜਵਾਨਾਂ ਨੂੰ ‘ਨਸ਼ੇੜੀ’ ਕਹਿ ਰਹੇ ਹਨ : ਮੋਦੀ

Saturday, Feb 24, 2024 - 12:39 PM (IST)

ਵਾਰਾਣਸੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੋ ਲੋਕ ਖੁਦ ‘ਹੋਸ਼’ ’ਚ ਨਹੀਂ ਹਨ, ਉਹ ਨੌਜਵਾਨਾਂ ਨੂੰ ‘ਨਸ਼ੇੜੀ’ ਕਹਿ ਰਹੇ ਹਨ। ਮੋਦੀ ਨੇ ਆਪਣੇ ਸੰਸਦੀ ਇਲਾਕੇ ਵਾਰਾਣਸੀ ਦੇ ਕਰਖਿਆਵ ਅਮੂਲ ਪਲਾਂਟ ਕੰਪਲੈਕਸ ਵਿਖੇ 13,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 35 ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਆਯੋਜਿਤ ਇਕ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਕਾਂਗਰਸ ਨੇਤਾ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ ਕਿ ਕਾਂਗਰਸ ਦੇ ਸ਼ਾਹੀ ਪਰਿਵਾਰ ਦੇ ਰਾਜਕੁਮਾਰ ਦਾ ਕਹਿਣਾ ਹੈ, ਜਿਸ ਨੂੰ ਤੁਸੀਂ ਸੁਣ ਕੇ ਹੈਰਾਨ ਰਹਿ ਜਾਵੋਗੇ, ਕਾਸ਼ੀ ਦੇ ਨੌਜਵਾਨ ਅਤੇ ਉੱਤਰ ਪ੍ਰਦੇਸ਼ ਦੇ ਨੌਜਵਾਨ ਨਸ਼ੇੜੀ ਹਨ। ਇਹ ਕਿਹੋ ਜਿਹੀ ਭਾਸ਼ਾ ਹੈ ਭਰਾ?
ਗਾਂਧੀ ਨੇ ਹਾਲ ਹੀ ’ਚ ਵਾਰਾਣਸੀ ’ਚ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੇ ਕੁਝ ਨੌਜਵਾਨਾਂ ਨੂੰ ਰਾਤ ਸਮੇਂ ਸੜਕਾਂ ’ਤੇ ਸ਼ਰਾਬ ਦੇ ਨਸ਼ੇ ’ਚ ਲੇਟਦੇ ਹੋਏ ਅਤੇ ਨੱਚਦਿਆਂ ਦੇਖਿਆ ਹੈ ਅਤੇ ਉੱਤਰ ਪ੍ਰਦੇਸ਼ ਦਾ ਭਵਿੱਖ (ਨੌਜਵਾਨ) ਨਸ਼ੇ ’ਚ ਹੈ। ਮੋਦੀ ਨੇ ਦਾਅਵਾ ਕੀਤਾ, “ਉੱਤਰ ਪ੍ਰਦੇਸ਼ ਸਾਰੀਆਂ (80 ਲੋਕ ਸਭਾ) ਸੀਟਾਂ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ਦੇ ਨਾਂ ਕਰਨ ਵਾਲਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਨੂੰ ਗਾਲ੍ਹਾਂ ਕੱਢਦਿਆਂ ਉਨ੍ਹਾਂ ਨੇ ਦੋ ਦਹਾਕੇ ਬਿਤਾ ਦਿੱਤੇ। ਜਿਨ੍ਹਾਂ ਦੇ ਆਪਣੇ ਹੋਸ਼ ਟਿਕਾਣੇ ਨਹੀਂ ਹਨ, ਉਹ ਉੱਤਰ ਪ੍ਰਦੇਸ਼ ਦੇ , ਮੇਰੇ ਕਾਸ਼ੀ ਦੇ ਬੱਚਿਆਂ ਨੂੰ ਨਸ਼ੇੜੀ ਕਹਿ ਰਹੇ ਹਨ। ਚੇਤਾਵਨੀ ਭਰੇ ਲਹਿਜ਼ੇ ’ਚ ਮੋਦੀ ਨੇ ਕਿਹਾ ਕਾਸ਼ੀ ਦਾ ਨੌਜਵਾਨ ਤਾਂ ਉੱਤਰ ਪ੍ਰਦੇਸ਼ ਦੇ ਵਿਕਾਸ ’ਚ ਰੁੱਝਿਆ ਹੋਇਆ ਹੈ, ਉਹ ਆਪਣਾ ਖੁਸ਼ਹਾਲ ਭਵਿੱਖ ਲਿਖਣ ਲਈ ਆਪਣੀ ਮਿਹਨਤ ਦਾ ਸਿੱਟਾ ਕੱਢ ਰਿਹਾ ਹੈ। ‘ਇੰਡੀਆ’ ਗੱਠਜੋੜ ਵੱਲੋਂ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦਾ ਅਪਮਾਨ ਕੋਈ ਨਹੀਂ ਭੁੱਲੇਗਾ।'' ਮੋਦੀ ਨੇ ਕਿਹਾ, “ਇਹ ਅਤਿਅੰਤ ਪਰਿਵਾਰਵਾਦੀਆਂ ਦੀ ਇਹੀ ਅਸਲੀਅਤ ਹੈ। ਹਮੇਸ਼ਾ ਪਰਿਵਾਰਵਾਦੀ ਯੁਵਾ ਸ਼ਕਤੀ ਤੋਂ ਡਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ‘ਮੋਦੀ ਦਾ ਤੀਜਾ ਕਾਰਜਕਾਲ ਪੂਰੀ ਦੁਨੀਆ ’ਚ ਭਾਰਤ ਦੀ ਸੱਤਾ ਦਾ ਸਭ ਤੋਂ ਮਹੱਤਵਪੂਰਨ ਦੌਰ ਹੋਣ ਜਾ ਰਿਹਾ ਹੈ। ਇਹ ਸਭ ਤੋਂ ਤੀਬਰ ਕਾਰਜਕਾਲ ਹੋਣ ਜਾ ਰਿਹਾ ਹੈ। ਇਸ ਨਾਲ ਭਾਰਤ ਦਾ ਹਰ ਆਰਥਿਕ, ਸਮਾਜਿਕ, ਰਣਨੀਤਕ ਅਤੇ ਸੱਭਿਆਚਾਰਕ ਖੇਤਰ ਨਵੀਆਂ ਉਚਾਈਆਂ ’ਤੇ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਭਾਰਤ 11ਵੇਂ ਸਥਾਨ ਤੋਂ ਉੱਠ ਕੇ ਪੰਜਵੀਂ ਆਰਥਿਕ ਸ਼ਕਤੀ ਬਣ ਗਿਆ ਹੈ। ਆਉਣ ਵਾਲੇ ਪੰਜ ਸਾਲਾਂ ’ਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਮਹਾਸ਼ਕਤੀ ਬਣ ਜਾਵੇਗਾ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਨੇ ਗਾਰੰਟੀ ਦਿੱਤੀ ਹੈ ਕਿ ਉਹ ਪੂਰਬੀ ਭਾਰਤ, ਜਿਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ, ਨੂੰ ਵਿਕਸਤ ਭਾਰਤ ਲਈ ਤਰੱਕੀ ਦਾ ‘ਇੰਜਣ’ ਬਣਾਉਣਗੇ। ਪ੍ਰਧਾਨ ਮੰਤਰੀ ਮੋਦੀ ਖੁੱਲ੍ਹੀ ਜੀਪ ’ਚ ਕਰਖਿਆਵ ’ਚ ਹੋਏ ਇਸ ਸਮਾਗਮ ’ਚ ਪਹੁੰਚੇ, ਉਨ੍ਹਾਂ ਨਾਲ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਸਨ। ਜਿਵੇਂ ਹੀ ਪ੍ਰਧਾਨ ਮੰਤਰੀ ਨੂੰ ਲੈ ਕੇ ਜਾਣ ਵਾਲੀ ਗੱਡੀ ਹੌਲੀ-ਹੌਲੀ ਨਿਰਧਾਰਤ ਪਲੇਟਫਾਰਮ ਵੱਲ ਵਧੀ, ਦੋਵੇਂ ਪਾਸੇ ਇਕੱਠੇ ਹੋਏ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਹੱਥ ਹਿਲਾਏ। ਪ੍ਰਧਾਨ ਮੰਤਰੀ ਨੇ ਵੀ ਭੀੜ ਨੂੰ ਦੇਖ ਕੇ ਹੱਥ ਹਿਲਾਏ, ਜਦਕਿ ਯੋਗੀ ਆਦਿੱਤਿਆਨਾਥ ਹੱਥ ਜੋੜ ਕੇ ਖੜ੍ਹੇ ਸਨ। ਇਸ ਤੋਂ ਪਹਿਲਾਂ ਦਿਨ ’ਚ, ਪ੍ਰਧਾਨ ਮੰਤਰੀ ਨੇ ਸੰਤ ਰਵਿਦਾਸ ਦੀ ਇਕ ਸ਼ਾਨਦਾਰ ਮੂਰਤੀ ਦਾ ਉਦਘਾਟਨ ਕੀਤਾ ਅਤੇ ਸੰਤ ਰਵਿਦਾਸ ਜੀ ਦੀ 647ਵੀਂ ਜਯੰਤੀ ਸਮਾਰੋਹ ’ਚ ਹਿੱਸਾ ਲਿਆ।


Aarti dhillon

Content Editor

Related News