ਭਗਵਾਨ ਨੂੰ ਮੱਥਾ ਟੇਕਿਆ ਅਤੇ ਫਿਰ ਮੰਗੀ ਮੁਆਫ਼ੀ... ਮੰਦਰ ''ਚ ਮੂਰਤੀਆਂ ਚੋਰੀ ਕਰ ਆਏ ਚੋਰ ਦਾ ਭਾਵੁਕ ਅੰਦਾਜ਼
Tuesday, Jun 10, 2025 - 10:48 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ 'ਚ ਬਰੇਲੀ ਜ਼ਿਲ੍ਹੇ ਦੇ ਆਂਵਲਾ ਕਸਬੇ ਵਿਚ ਸਥਿਤ ਠਾਕੁਰਦੁਆਰਾ ਮੰਦਰ ਵਿਚ ਅਸ਼ਟਧਾਤੂ ਦੀਆਂ 6 ਕੀਮਤੀ ਮੂਰਤੀਆਂ ਦੀ ਚੋਰੀ ਦੇ ਮਾਮਲੇ ਵਿਚ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਚੋਰੀ ਕੀਤੀਆਂ ਮੂਰਤੀਆਂ ਬਰਾਮਦ ਕਰ ਲਈਆਂ ਹਨ ਅਤੇ ਇਸ ਮਾਮਲੇ ਵਿਚ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।
ਇਹ ਮੂਰਤੀਆਂ ਮੰਦਰ 'ਚੋਂ ਚੋਰੀ ਹੋ ਗਈਆਂ ਸਨ:
- ਹਨੂੰਮਾਨ ਜੀ
- ਰਾਮ ਦਰਬਾਰ
- ਗਣੇਸ਼-ਲਕਸ਼ਮੀ
- ਲੱਡੂ ਗੋਪਾਲ
- ਮਾਂ ਦੁਰਗਾ
- ਲਕਸ਼ਮੀ-ਨਾਰਾਇਣ
ਇਹ ਘਟਨਾ 1 ਜੂਨ ਨੂੰ ਵਾਪਰੀ ਸੀ, ਜਦੋਂ ਸਵੇਰੇ ਪੂਜਾ ਲਈ ਮੰਦਰ ਪਹੁੰਚੇ ਸ਼ਰਧਾਲੂਆਂ ਨੇ ਦੇਖਿਆ ਕਿ ਮੂਰਤੀਆਂ ਗਾਇਬ ਸਨ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਚੋਰ ਨੇ ਭਗਵਾਨ ਤੋਂ ਮੁਆਫ਼ੀ ਮੰਗੀ, ਫਿਰ ਚੋਰੀ ਕੀਤੀ... ਸਭ ਕੁਝ ਸੀ.ਸੀ.ਟੀ.ਵੀ 'ਚ ਕੈਦ
ਚੋਰੀ ਦੀ ਇਸ ਅਨੋਖੀ ਘਟਨਾ ਦਾ ਸੀ.ਸੀ.ਟੀ.ਵੀ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਚੋਰ ਦਾ ਵਿਵਹਾਰ ਹੈਰਾਨ ਕਰਨ ਵਾਲਾ ਹੈ। ਵੀਡੀਓ ਵਿਚ ਦੇਖਿਆ ਗਿਆ ਕਿ ਮੰਦਰ ਵਿਚ ਦਾਖਲ ਹੋਣ ਤੋਂ ਪਹਿਲਾਂ ਚੋਰ ਨੇ ਮੰਦਰ ਦੇ ਬਾਹਰ ਆਪਣੀਆਂ ਚੱਪਲਾਂ ਉਤਾਰੀਆਂ, ਹੱਥ ਜੋੜ ਕੇ ਭਗਵਾਨ ਨੂੰ ਮੱਥਾ ਟੇਕਿਆ, ਮੁਆਫ਼ੀ ਮੰਗੀ ਅਤੇ ਫਿਰ ਅੰਦਰ ਜਾ ਕੇ ਮੂਰਤੀਆਂ ਚੋਰੀ ਕਰ ਲਈਆਂ।
ਇਸ ਤਰ੍ਹਾਂ ਪੁਲਸ ਨੇ ਚੋਰ ਨੂੰ ਫੜਿਆ
ਜਾਂਚ ਦੌਰਾਨ ਬਰੇਲੀ ਦੇ ਥਾਣਾ ਬਾਰਾਦਰੀ ਇਲਾਕੇ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਦੀ ਪਛਾਣ ਹੋ ਗਈ। ਪੁਲਸ ਅਨੁਸਾਰ ਰਾਜੇਸ਼ ਅਕਸਰ ਇਸ ਮੰਦਰ ਵਿਚ ਪੂਜਾ ਕਰਨ ਆਉਂਦਾ ਸੀ ਪਰ ਆਰਥਿਕ ਤੰਗੀ ਕਾਰਨ ਉਸ ਨੇ ਇਹ ਕਦਮ ਚੁੱਕਿਆ। ਰਾਜੇਸ਼ ਨੇ ਚੋਰੀ ਹੋਈਆਂ 6 ਮੂਰਤੀਆਂ 'ਚੋਂ 3 ਨੂੰ ਕਬਾੜੀਏ ਸੂਫੀ ਮਰਦਾਨ ਹਸਨ ਨੂੰ ਵੇਚ ਦਿੱਤਾ ਸੀ ਅਤੇ 3 ਮੂਰਤੀਆਂ ਆਪਣੇ ਕੋਲ ਰੱਖੀਆਂ ਸਨ। ਉਸ ਦੀ ਯੋਜਨਾ ਬਾਕੀ ਮੂਰਤੀਆਂ ਨੂੰ ਬਾਅਦ ਵਿਚ ਵੇਚਣ ਦੀ ਸੀ ਪਰ ਪੁਲਸ ਨੇ ਪਹਿਲਾਂ ਸੀ. ਸੀ. ਟੀ. ਵੀ ਫੁਟੇਜ ਦੇ ਆਧਾਰ 'ਤੇ ਰਾਜੇਸ਼ ਨੂੰ ਫੜ ਲਿਆ ਅਤੇ ਫਿਰ ਕਬਾੜੀਏ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਦੋਵਾਂ ਮੁਲਜ਼ਮਾਂ ਨੂੰ ਭੇਜਿਆ ਗਿਆ ਜੇਲ੍ਹ
ਹੁਣ ਪੁਲਸ ਨੇ ਚੋਰ ਰਾਜੇਸ਼ ਕੁਮਾਰ ਅਤੇ ਕਬਾੜੀਏ ਸੂਫੀ ਮਰਦਾਨ ਹਸਨ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਅਸ਼ਟਧਾਤੂ ਦੀਆਂ ਮੂਰਤੀਆਂ ਕੀਮਤੀ ਹਨ ਅਤੇ ਅਜਿਹੀਆਂ ਘਟਨਾਵਾਂ ਵਿਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਮੂਰਤੀਆਂ ਜਾਂ ਮੰਦਰ ਨਾਲ ਸਬੰਧਤ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਕੋਈ ਜਾਣਕਾਰੀ ਹੈ, ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰੋ।