ਰਾਮ ਮੰਦਰ ਦੇ ਚੜ੍ਹਾਵੇ ਦੀ ਚੋਰੀ ਦਾ ਮਾਮਲੇ ''ਚ ਸੁਪਰੀਮ ਕੋਰਟ ਸਖਤ, 2 ਹਫ਼ਤਿਆਂ ਅੰਦਰ ਮੰਗੀ ਰਿਪੋਰਟ
Monday, Jul 27, 2026 - 07:10 PM (IST)
ਨਵੀਂ ਦਿੱਲੀ, (ਏਜੰਸੀ)- ਅਯੁੱਧਿਆ ’ਚ ਰਾਮ ਮੰਦਰ ਦੇ ਚੜ੍ਹਾਵੇ ਦੀ ਚੋਰੀ ਦੇ ਮਾਮਲੇ ਦੀ ਸੁਣਵਾਈ ਸੋਮਵਾਰ ਸੁਪਰੀਮ ਕੋਰਟ ’ਚ ਹੋਈ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਇਕ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਆਈ. ਜੀ. ਕਿਰਨ ਐੱਸ. ਇਸ ਦੀ ਅਗਵਾਈ ਕਰਨਗੇ। ਟੀਮ ’ਚ ਇਕ ਡਿਪਟੀ ਇੰਸਪੈਕਟਰ ਜਨਰਲ, ਇਕ ਸੀਨੀਅਰ ਸੁਪਰਡੈਂਟ ਆਫ਼ ਪੁਲਸ ਤੇ ਇਕ ਐਡੀਸ਼ਨਲ ਸੁਪਰਡੈਂਟ ਆਫ਼ ਪੁਲਸ ਨੂੰ ਸ਼ਾਮਲ ਕੀਤਾ ਗਿਆ ਹੈ।
ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਾਲਿਆ ਬਾਗਚੀ ਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਸਾਲਿਸਟਰ ਜਨਰਲ ਨੂੰ ਪੁੱਛਿਆ ਕਿ ਕੀ ਚੋਰੀ ਦੀ ਜਾਂਚ ਕਰ ਰਹੀ ਇਸ ਨਵੀਂ ਵਿਸ਼ੇਸ਼ ਜਾਂਚ ਟੀਮ ਕੋਲ ਹਰ ਚੀਜ਼ ਤੱਕ ਪਹੁੰਚ ਹੋਵੇਗੀ। ਇਸ ਸਬੰਧੀ ਤੁਸ਼ਾਰ ਮਹਿਤਾ ਨੇ ਹਾਮੀ ਭਰੀ।
ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਕਿਹਾ ਕਿ ਅਸੀਂ ਇਸ ਜਾਂਚ ਨੂੰ ਬੰਦ ਨਹੀਂ ਕਰ ਰਹੇ। ਇਸ ਚੋਰੀ ਦੇ ਮਾਮਲੇ ’ਚ ਹੋਰ ਸੁਧਾਰਾਤਮਕ ਉਪਾਅ ਕੀਤੇ ਜਾਣੇ ਚਾਹੀਦੇ ਹਨ। ਟੀਮ ’ਚ ਇਕ ਫਾਰੈਂਸਿਕ ਆਡੀਟਰ ਸ਼ਾਮਲ ਹੋਣਾ ਚਾਹੀਦਾ ਹੈ।
ਆਡੀਟਰ ਨੂੰ ਵਿੱਤੀ ਅਪਰਾਧਾਂ ਦਾ ਪਤਾ ਲਾਉਣ ਲਈ ਖਾਤਿਆਂ ਤੇ ਰਿਕਾਰਡ ਦੀ ਜਾਂਚ ਕਰਨੀ ਹੋਵੇਗੀ। ਵਿਸ਼ੇਸ਼ ਜਾਂਚ ਟੀਮ ਨੂੰ 2 ਹਫ਼ਤਿਆਂ ਅੰਦਰ ਅਦਾਲਤ ’ਚ ਆਪਣੀ ਜਾਂਚ ਦੀ ਸਥਿਤੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 2 ਹਫ਼ਤਿਆਂ ਬਾਅਦ ਹੋਵੇਗੀ। ਹੁਣ ਅਗਲੀ ਸੁਣਵਾਈ ਦੌਰਾਨ ਅਦਾਲਤ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਦਾ ਫੈਸਲਾ ਕਰੇਗੀ। 20 ਜੁਲਾਈ ਨੂੰ ਅਦਾਲਤ ਨੇ ਯੂ. ਪੀ. ਸਰਕਾਰ ਨੂੰ ਇਕ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਹੁਕਮ ਦਿੱਤਾ ਸੀ ਤੇ ਹੁਣ ਤੱਕ ਕੀਤੀ ਗਈ ਜਾਂਚ ਦੀ ਰਿਪੋਰਟ ਮੰਗੀ ਸੀ।
