ਸੰਸਦ ਦੇ ਦੋਹਾਂ ਸਦਨਾਂ ''ਚ 30 ਮਾਰਚ ਤੋਂ ਰਹੇਗੀ ਚਾਰ ਦਿਨ ਦੀ ਛੁੱਟੀ
Wednesday, Mar 29, 2023 - 01:36 PM (IST)
ਨਵੀਂ ਦਿੱਲੀ (ਭਾਸ਼ਾ)- ਸੰਸਦ ਦੇ ਦੋਵੇਂ ਸਦਨ ਲੋਕ ਸਭਾ ਅਤੇ ਰਾਜ ਸਭਾ 'ਚ ਵੀਰਵਾਰ ਤੋਂ ਚਾਰ ਦਿਨ ਦੀ ਛੁੱਟੀ ਰਹੇਗੀ। ਹੁਣ ਦੋਵੇਂ ਸਦਨਾਂ ਦੀ ਅਗਲੀ ਬੈਠਕ ਸੋਮਵਾਰ ਨੂੰ ਹੋਵੇਗੀ। ਉੱਚ ਸਦਨ 'ਚ ਸਪੀਕਰ ਜਗਦੀਪ ਧਨਖੜ ਨੇ ਮੰਗਲਵਾਰ ਨੂੰ ਇਸ ਬਾਰੇ ਐਲਾਨ ਕੀਤਾ ਸੀ। ਹੇਠਲੇ ਸਦਨ 'ਚ ਪ੍ਰਧਾਨਗੀ ਸਪੀਕਰ ਰਮਾ ਦੇਵੀ ਨੇ ਸਦਨ ਦੀ ਸਹਿਮਤੀ ਨਾਲ ਬੁੱਧਵਾਰ ਨੂੰ ਇਹ ਐਲਾਨ ਕੀਤਾ ਕਿ ਇਸ ਹਫ਼ਤੇ ਸ਼ੁੱਕਰਵਾਰ ਨੂੰ ਵੀ ਲੋਕ ਸਭਾ ਦੀ ਕਾਰਵਾਈ ਨਹੀਂ ਹੋਵੇਗੀ।
ਦੱਸਣਯੋਗ ਹੈ ਕਿ ਵੀਰਵਾਰ ਨੂੰ ਰਾਮਨੌਮੀ ਕਾਰਨ ਦੋਵੇਂ ਸਦਨਾਂ ਦੀ ਬੈਠਕ ਨਹੀਂ ਹੋਵੇਗੀ। ਸ਼ਨੀਵਾਰ ਅਤੇ ਐਤਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਛੁੱਟੀ ਰਹਿੰਦੀ ਹੈ। ਹੁਣ ਦੋਵੇਂ ਸਦਨਾਂ ਦੀ ਬੈਠਕ ਤਿੰਨ ਅਪ੍ਰੈਲ (ਸੋਮਵਾਰ) ਨੂੰ ਹੋਵੇਗੀ। ਸੰਸਦ 'ਚ ਬਜਟ ਸੈਸ਼ਨ ਦਾ ਦੂਜਾ ਪੜਾਅ 13 ਮਾਰਚ ਤੋਂ ਸ਼ੁਰੂ ਹੋਇਆ ਸੀ ਅਤੇ ਇਸ ਦੇ 6 ਅਪ੍ਰੈਲ ਤੱਕ ਚੱਲਣ ਦਾ ਪ੍ਰੋਗਰਾਮ ਤੈਅ ਹੈ। ਦੱਸਣਯੋਗ ਹੈ ਕਿ ਬਜਟ ਸੈਸ਼ਨ ਦਾ ਦੂਜਾ ਪੜਾਅ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਵੱਖ-ਵੱਖ ਮੁੱਦਿਆਂ 'ਤੇ ਸੱਤਾ ਪੱਧ ਅਤੇ ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਗਤੀਰੋਧ ਬਣਿਆ ਹੋਇਆ ਹੈ। ਉੱਚ ਸਦਨ ਮੰਗਲਵਾਰ ਨੂੰ ਹੰਗਾਮੇ ਵਿਚਾਲੇ ਜੰਮੂ ਕਸ਼ਮੀਰ ਦਾ ਬਜਟ ਅਤੇ ਵਿੱਤ ਬਿੱਲ ਬਿਨਾਂ ਚਰਚਾ ਦੇ ਆਵਾਜ਼ ਮਤ ਰਾਹੀਂ ਵਾਪਸ ਭੇਜਿਆ ਗਿਆ। ਵਿੱਤ ਬਿੱਲ 'ਚ ਇਕ ਸੋਧ ਕਾਰਨ ਇਸ ਨੂੰ ਮੁੜ ਲੋਕ ਸਭਾ 'ਚ ਪਾਸ ਕਰਵਾਇਆ ਗਿਆ।