ਯੂਕ੍ਰੇਨ 'ਚ ਹਾਲੇ ਵੀ ਫਸੇ ਹਨ ਕਰੀਬ 40-50 ਭਾਰਤੀ, ਸਾਰੇ ਵਾਪਸ ਆਉਣ ਦੇ ਨਹੀਂ ਇਛੁੱਕ
Friday, Apr 01, 2022 - 10:20 AM (IST)
ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਫਰਵਰੀ ਤੋਂ ਹੁਣ ਤੱਕ 22,500 ਭਾਰਤੀ ਯੂਕਰੇਨ ਤੋਂ ਘਰ ਪਰਤ ਚੁੱਕੇ ਹਨ ਅਤੇ 40-50 ਹਾਲੇ ਵੀ ਉਥੇ ਹਨ, ਜਿਨ੍ਹਾਂ 'ਚੋਂ ਕੁਝ ਹੀ ਵਾਪਸ ਆਉਣ ਦੇ ਇਛੁੱਕ ਹਨ। ਇਹ ਜਾਣਕਾਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਦਿੱਤੀ। ਉਨ੍ਹਾਂ ਕਿਹਾ ਕਿ ਦੂਤਘਰ ਅਜਿਹੇ ਲੋਕਾਂ ਲਈ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਜੋ ਉਥੋਂ ਵਾਪਸ ਆਉਣ ਦੇ ਇਛੁੱਕ ਹਨ। ਉਨ੍ਹਾਂ ਕਿਹਾ,''ਕੁੱਲ 22,500 (ਭਾਰਤੀ) ਨਾਗਰਿਕ ਫਰਵਰੀ 2022 ਤੋਂ ਭਾਰਤ ਪਰਤੇ ਹਨ। ਲਗਭਗ 40-50 ਭਾਰਤੀ ਨਾਗਰਿਕ ਹਾਲੇ ਵੀ ਯੂਕਰੇਨ 'ਚ ਹਨ, ਜਿਨ੍ਹਾਂ 'ਚੋਂ ਕੁਝ ਹੀ ਵਾਪਸ ਆਉਣ ਲਈ ਤਿਆਰ ਹਨ।” ਉਨ੍ਹਾਂ ਤੋਂ ਪ੍ਰਸ਼ਨ ਕੀਤਾ ਗਿਆ ਸੀ ਕਿ ਕਿੰਨੇ ਭਾਰਤੀਆਂ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਗਿਆ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਰੂਸ ਵਲੋਂ 24 ਫਰਵਰੀ ਨੂੰ (ਯੂਕਰੇਨ 'ਤੇ) ਹਮਲਾ ਕਰਨ ਤੋਂ ਬਾਅਦ ਆਪਣੇ ਦੇਸ਼ ਦੇ ਹਵਾਈ ਖੇਤਰ ਨੂੰ ਯਾਤਰੀ ਜਹਾਜ਼ਾਂ ਦੀ ਉਡਾਣ ਲਈ ਸੀਮਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸ਼ਾਰਟ ਸਰਕਿਟ ਕਾਰਨ ਵੈਸ਼ਣੋ ਦੇਵੀ ਯਾਤਰਾ ਮਾਰਗ ’ਤੇ ਜੰਗਲ ’ਚ ਲੱਗੀ ਅੱਗ
ਸਰਕਾਰ ਨੂੰ ਇਹ ਵੀ ਪੁੱਛਿਆ ਗਿਆ ਕਿ ਪਿਛਲੇ ਪੰਜ ਸਾਲਾਂ 'ਚ ਵਿਦੇਸ਼ਾਂ 'ਚ ਫਸੇ ਕਿੰਨੇ ਭਾਰਤੀਆਂ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਬਚਾਇਆ ਗਿਆ ਹੈ? ਇਸ ਦੇ ਜਵਾਬ 'ਚ ਲੇਖੀ ਨੇ ਕਿਹਾ ਕਿ ਵੰਦੇ ਭਾਰਤ ਮਿਸ਼ਨ ਗਲੋਬਲ ਕੋਵਿਡ ਮਹਾਮਾਰੀ ਦੌਰਾਨ ਫਸੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਅਤੇ ਯਾਤਰੀਆਂ ਨੂੰ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਲਿਜਾਣ 'ਚ ਮਦਦ ਕਰਨ ਦੇ ਉਦੇਸ਼ ਨਾਲ ਚਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਤਹਿਤ ਚਲਾਈਆਂ ਜਾਣ ਵਾਲੀਆਂ ਉਡਾਣਾਂ ਅਤੇ ਵਿਸ਼ੇਸ਼ ਉਡਾਣਾਂ ਦੇ ਪ੍ਰਬੰਧਾਂ ਰਾਹੀਂ ਹੁਣ ਤੱਕ ਲਗਭਗ 2.97 ਕਰੋੜ ਯਾਤਰੀਆਂ ਨੂੰ ਇਹ ਸਹੂਲਤ ਪ੍ਰਦਾਨ ਕੀਤੀ ਜਾ ਚੁੱਕੀ ਹੈ। ਲੇਖੀ ਨੇ ਕਿਹਾ ਕਿ ਆਪਰੇਸ਼ਨ ਦੇਵੀ ਸ਼ਕਤੀ ਦੇ ਤਹਿਤ 16 ਤੋਂ 25 ਅਗਸਤ 2021 ਦਰਮਿਆਨ ਸੱਤ ਉਡਾਣਾਂ ਅਤੇ 10 ਦਸੰਬਰ 2021 ਨੂੰ ਆਖਰੀ ਉਡਾਣ ਰਾਹੀਂ ਕੁੱਲ 669 ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚ 448 ਭਾਰਤੀ ਨਾਗਰਿਕ, 206 ਅਫਗਾਨ (ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਮੈਂਬਰ) ਅਤੇ 15 ਹੋਰ ਦੇਸ਼ਾਂ (ਨੇਪਾਲ, ਲੇਬਨਾਨ ਅਤੇ ਯੂਗਾਂਡਾ) ਦੇ ਨਾਗਰਿਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਭਾਰਤੀ ਨਾਗਰਿਕਾਂ ਨੇ ਵਾਪਸ ਆਉਣ ਦੀ ਬੇਨਤੀ ਕੀਤੀ ਸੀ, ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
