ਬੇਖ਼ੌਫ ਚੋਰਾਂ ਦਾ ਕਾਰਾ, ਪਹਿਲਾਂ ਬੰਦ ਮਕਾਨ ''ਚ ਕੀਤੀ ਚੋਰੀ ਫਿਰ ਲਾਈ ਅੱਗ, ਗਹਿਣੇ ਲੈ ਕੇ ਹੋਏ ਫਰਾਰ

Monday, Feb 05, 2024 - 02:08 PM (IST)

ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਸਾਲਵਨ ਪਿੰਡ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੁਲਸ ਤੋਂ ਬੇਖ਼ੌਫ ਚੋਰਾਂ ਨੇ ਪਹਿਲਾਂ ਇਕ ਮਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਫਿਰ ਮਕਾਨ ਨੂੰ ਅੱਗ ਲਾ ਦਿੱਤੀ। ਚੋਰਾਂ ਨੇ ਘਰ ਵਿਚ ਧੀ ਦੇ ਵਿਆਹ ਲਏ ਰੱਖੇ ਗਹਿਣੇ ਚੋਰੀ ਕਰ ਲਏ। ਫਿਲਹਾਲ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਾਲਵਨ ਵਾਸੀ ਨਵੀਤਾ ਪਤਨੀ ਸ. ਰਘੁਬੀਰ ਸਿੰਘ ਕਾਫੀ ਸਮੇਂ ਤੋਂ ਬੀਮਾਰ ਰਹਿੰਦੀ ਹੈ। ਉਹ ਕਰਨਾਲ ਦੀ ਬਾਲਾਜੀ ਕਾਲੋਨੀ ਵਿਚ ਆਪਣੇ ਦਿਓਰ ਕੋਰਾ ਪਹਿਲਵਾਨ ਕੋਲ ਗਈ ਹੋਈ ਸੀ। ਉੱਥੇ ਹੀ ਉਸ ਨੇ ਦਵਾਈ ਲਈ ਅਤੇ ਠੀਕ ਹੋ ਗਈ। ਉਹ ਕਰੀਬ ਦੋ ਢਾਈ ਮਹੀਨੇ ਤੋਂ ਕਰਨਾਲ ਵਿਚ ਹੀ ਰਹਿ ਰਹੀ ਸੀ, ਕਿਉਂਕਿ ਉਸ ਦੀ ਦਰਾਣੀ ਦੇ ਸਿਰ ਦਾ ਆਪ੍ਰੇਸ਼ਨ ਹੋਇਆ ਸੀ। ਉਸ ਨੂੰ ਹਰ ਦਿਨ ਚੰਡੀਗੜ੍ਹ ਚੈਕਅੱਪ ਲਈ ਜਾਣਾ ਪੈਂਦਾ ਹੈ। ਉਸ ਦੀ ਦੇਖਭਾਲ ਲਈ ਉਹ ਉੱਥੇ ਹੀ ਰਹਿ ਰਹੀ ਸੀ। ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹ ਕਰਨਾਲ ਤੋਂ ਪਰਤੀ। ਪੀੜਤਾ ਨੇ ਪ੍ਰਸ਼ਾਸਨ ਨੂੰ ਮੁਆਵਜ਼ੇ ਦੀ ਗੁਹਾਰ ਲਾਈ ਹੈ ਅਤੇ ਚੋਰਾਂ ਨੂੰ ਫੜ ਕੇ ਸਾਮਾਨ ਬਰਾਮਦ ਕਰਨ ਦੀ ਮੰਗ ਕੀਤੀ ਹੈ।

ਨਵੀਤਾ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਹੈ, ਜੋ 5ਵੀਂ ਜਮਾਤ ਵਿਚ ਪੜ੍ਹਦਾ ਹੈ। ਘਰ ਦੀ ਆਰਥਿਕ ਤੰਗੀ ਕਾਰਨ ਉਸ ਦੀ ਪੜ੍ਹਾਈ ਛੁੱਟ ਗਈ। ਇਕ ਕੁੜੀ ਦਾ ਵਿਆਹ ਹੋ ਚੁੱਕਾ ਹੈ, ਜਦਕਿ ਦੂਜੀ ਕੁੜੀ ਰਾਜਸਥਾਨ ਵਿਚ ਪ੍ਰਾਈਵੇਟ ਨੌਕਰੀ ਕਰਦੀ ਹੈ।  ਦੂਜੀ ਧੀ ਦੇ ਵਿਆਹ ਲਈ ਉਸ ਨੇ ਗਹਿਣੇ ਬਣਵਾ ਕੇ ਰੱਖੇ ਹੋਏ ਸਨ, ਤਾਂ ਕਿ ਵਿਆਹ ਵਿਚ ਆਪਣੀ ਧੀ ਨੂੰ ਕੁਝ ਦੇ ਸਕੇ। ਨਵੀਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਘਰ ਦੀ ਅਲਮਾਰੀ ਵਿਚ ਸੋਨੇ-ਚਾਂਦੀ ਦੇ ਗਹਿਣੇ ਰੱਖੇ ਹੋਏ ਸਨ ਪਰ ਉਸ ਨੂੰ ਉਹ ਗਾਇਬ ਮਿਲੇ। ਚੋਰਾਂ ਨੇ ਪਹਿਲਾਂ ਘਰ ਅੰਦਰ ਦਾਖ਼ਲ ਹੋ ਕੇ ਚੋਰੀ ਕੀਤੀ ਅਤੇ ਉਸ ਤੋਂ ਬਾਅਦ ਘਰ ਵਿਚ ਅੱਗ ਲਾ ਦਿੱਤੀ। ਪੀੜਤਾ ਨੇ ਦੱਸਿਆ ਕਿ ਉਸ ਦੇ ਘਰ ਵਿਚ ਰੱਖਿਆ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਉਸ ਨੂੰ ਦੋਹਰੀ ਮਾਰ ਪਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Tanu

Content Editor

Related News