ਹਿਮਾਚਲ ਪ੍ਰਦੇਸ਼: ਮੰਦਰ ਦਾ ਤਾਲਾ ਤੋੜ ਕੇ ਚੋਰਾਂ ਨੇ ਕੀਤੀ ਚੋਰੀ
Tuesday, Sep 08, 2020 - 06:14 PM (IST)
ਨਾਹਨ— ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਨੌਹਰਾਧਾਰ ਖੇਤਰ ਦੇ ਸ਼ਾਇਲਾ ਬੋਡ ਸਥਿਤ ਸ਼ਿਰਗੁਲ ਮੰਦਰ ਤੋਂ ਦੇਵਤਾ ਦਾ ਚਾਂਦੀ ਦਾ ਸਿੰਘਾਸਨ ਅਤੇ ਦਾਨ ਪੇਟੀ 'ਚ ਰੱਖੀ ਨਕਦੀ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਚੋਰੀ ਹੋ ਗਈ। ਪੁਲਸ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹੇ ਦੇ ਚੂਡਧਾਰ ਪਹਾੜ ਦੀ ਚੋਟੀ ਨਾਲ ਲੱਗਦੇ ਇਸ ਮੰਦਰ ਦਾ ਤਾਲਾ ਤੋੜ ਕੇ ਚੋਰ ਰਾਤ ਦੇ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਦਾਖਲ ਹੋਏ ਅਤੇ ਉੱਥੋਂ ਦੇਵਤਾ ਦਾ ਸਿੰਘਾਸਨ ਅਤੇ ਦਾਨ ਪੇਟੀ ਚੋਰੀ ਕਰ ਲਈ।
ਚੋਰਾਂ ਨੇ ਦਾਨ ਪੇਟੀ ਨੂੰ ਮੰਦਰ ਤੋਂ ਲੱਗਭਗ 100 ਮੀਟਰ ਦੂਰੀ 'ਤੇ ਲਿਜਾ ਕੇ ਤੋੜਿਆ ਅਤੇ ਇਸ 'ਚ ਰੱਖੀ ਨਕਦੀ ਲੈ ਕੇ ਫਰਾਰ ਹੋ ਗਏ। ਮੰਗਲਵਾਰ ਸਵੇਰੇ ਜਦੋਂ ਮੰਦਰ ਦਾ ਪੁਜਾਰੀ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਤਾਲਾ ਟੁੱਟਿਆ ਹੋਇਆ ਸੀ ਅਤੇ ਨਾਲ ਹੀ ਦੇਵਤਾ ਦਾ ਸਿੰਘਾਸਨ ਅਤੇ ਦਾਨ ਪੇਟੀ ਉੱਥੋਂ ਗਾਇਬ ਸੀ। ਇਸ ਦੀ ਸੂਚਨਾ ਤੁਰੰਤ ਪਿੰਡ ਵਾਸੀਆਂ ਅਤੇ ਪੁਲਸ ਨੂੰ ਦਿੱਤੀ ਗਈ। ਪੁਲਸ ਅਧਿਕਾਰੀ ਸ਼ਕਤੀ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਅਤੇ ਨੌਹਰਾਧਾਰ ਚੌਕੀ ਮੁਖੀ ਦੀ ਅਗਵਾਈ ਵਿਚ ਪੁਲਸ ਟੀਮ ਮੰਦਰ 'ਚ ਚੋਰੀ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ।