ਅੱਧੀ ਰਾਤ ਨੂੰ ਮੰਦਰ ਖੁੱਲ੍ਹਵਾ ਕੇ ਐੱਸ. ਡੀ. ਐੱਮ. ਨੇ ਕਰਵਾਇਆ ਵਿਆਹ
Sunday, Oct 13, 2019 - 12:57 AM (IST)
ਕੁਸ਼ੀਨਗਰ - ਜ਼ਿਲੇ ’ਚ ਲਗਭਗ 4 ਸਾਲ ਤੋਂ ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਐੱਸ. ਡੀ. ਐੱਮ. ਦਿਨੇਸ਼ ਕੁਮਾਰ ਤੇ ਰੇਨੂੰ ਲਈ ਸ਼ੁੱਕਰਵਾਰ ਅੱਧੀ ਰਾਤ ਨੂੰ ਪਡਰੌਨਾ ਸ਼ਹਿਰ ਦਾ ਗਾਇਤਰੀ ਮੰਦਰ ਖੁਲ੍ਹਵਾਇਆ ਗਿਆ। ਇਸ ਤੋਂ ਬਾਅਦ 2 ਐੱਸ. ਡੀ. ਐੱਮਜ਼ ਦੀ ਮੌਜੂਦਗੀ ’ਚ ਉਨ੍ਹਾਂ ਦਾ ਵਿਆਹ ਕਰਵਾਇਆ ਗਿਆ। ਇੰਨਾ ਹੀ ਨਹੀਂ, ਵਿਆਹ ਤੋਂ ਬਾਅਦ ਰਾਤ ਨੂੰ ਹੀ ਰਜਿਸਟਰਾਰ ਦਫਤਰ ਖੁੱਲ੍ਹਵਾ ਕੇ ਵਿਆਹ ਦੀ ਰਜਿਸਟ੍ਰੇਸ਼ਨ ਵੀ ਕਰਵਾਈ ਗਈ। ਜਾਣਕਾਰੀ ਅਨੁਸਾਰ ਖੱਡਾ ਦੇ ਐੱਸ. ਡੀ. ਐੱਮ. ਰਹੇ ਦਿਨੇਸ਼ ਕੁਮਾਰ ਦੀ ਮਹੀਨਾ ਕੁ ਪਹਿਲਾਂ ਬਦਲੀ ਹੋ ਗਈ ਸੀ।
ਸ਼ੁੱਕਰਵਾਰ ਨੂੰ ਉਹ ਜ਼ਿਲਾ ਹੈੱਡਕੁਆਰਟਰ ਆਏ ਸਨ। ਇਸੇ ਦੌਰਾਨ ਉਨ੍ਹਾਂ ਨਾਲ 4 ਸਾਲ ਤੋਂ ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿ ਰਹੀ ਰੇਨੂੰ ਵੀ ਦਫਤਰ ਪਹੁੰਚ ਗਈ। ਰੇਨੂੰ ਨੇ ਉੱਥੇ ਮੌਜੂਦ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਆਹ ਕਰਨ ਦੀ ਇੱਛਾ ਪ੍ਰਗਟਾਈ। ਉਸ ਵੇਲੇ ਉਸ ਨੂੰ ਸਮਝਾ-ਬੁਝਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਾ ਬਣੀ। ਅਖੀਰ ਰਾਤ 8 ਵਜੇ ਰਜਿਸਟਰਾਰ ਦਫਤਰ ਖੁੱਲ੍ਹਵਾ ਕੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਈ ਗਈ, ਜਦਕਿ ਰਾਤ 12 ਵਜੇ ਉਕਤ ਮੰਦਰ ਖੁੱਲ੍ਹਵਾ ਕੇ ਦੋਵਾਂ ਦਾ ਵਿਆਹ ਕਰਵਾਇਆ ਗਿਆ।