‘ਟਾਈਗਰ ਅਜੇ ਵੀ ਜ਼ਿੰਦਾ ਹੈ’ - ਨਿਤੀਸ਼ ਕਿਉਂ ਹਨ ਬਿਹਾਰ ਦੀ ਸਿਆਸਤ ਲਈ ਅਹਿਮ
Saturday, Nov 15, 2025 - 12:00 AM (IST)
ਨੈਸ਼ਨਲ ਡੈਸਕ- ਪਟਨਾ ’ਚ ਜਨਤਾ ਦਲ (ਯੂ) ਦੇ ਦਫਤਰ ਦੇ ਬਾਹਰ ਕਲ੍ਹ ਇਕ ਵੱਡਾ ਪੋਸਟਰ ਵਿਖਾਈ ਦਿੱਤਾ ਜਿਸ ’ਤੇ ਪਾਰਟੀ ਦੇ ਬਹੁਤ ਸਾਰੇ ਲੋਕ ਯਕੀਨ ਕਰਦੇ ਹਨ : ‘ਟਾਈਗਰ ਅਜੇ ਵੀ ਜ਼ਿੰਦਾ ਹੈ।’
ਪੋਸਟਰ ’ਚ ਨਿਤੀਸ਼ ਕੁਮਾਰ ਨੂੰ ਸਾਰੇ ਭਾਈਚਾਰਿਆਂ ਖਾਸ ਕਰ ਕੇ ਹਾਸ਼ੀਏ ’ਤੇ ਧੱਕੇ ਗਏ ਲੋਕਾਂ ਦੇ ਰੱਖਿਅਕ ਵਜੋਂ ਦਰਸਾਇਆ ਗਿਆ ਹੈ। ਸੁਨੇਹਾ ਸਪੱਸ਼ਟ ਸੀ ਕਿ ਬਿਹਾਰ ਦੀ ਸਿਆਸਤ ’ਚ ਟਾਈਗਰ ਅਜੇ ਵੀ ਗਰਜਦਾ ਹੈ। 2025 ਦੇ ਫਤਵੇ ਨੇ ਇਸ ਭਰੋਸੇ ਦੀ ਪੁਸ਼ਟੀ ਕੀਤੀ ਹੈ। ਜਿਵੇਂ ਹੀ ਨਤੀਜੇ ਆਏ, ਜਨਤਾ ਦਲ (ਯੂ) 84 ਸੀਟਾਂ ’ਤੇ ਅੱਗੇ ਵਧਿਆ ਜੋ ਨਿਤੀਸ਼ ਕੁਮਾਰ ਅਤੇ ਰਾਜਗ ਦੋਵਾਂ ਲਈ ਇਕ ਨਾਟਕੀ ਵਾਪਸੀ ਸੀ।
ਇਹ ਮੁੜ ਉਭਾਰ ਜਨਤਾ ਦਲ (ਯੂ) ਦੇ 43 ਸੀਟਾਂ ਤੱਕ ਘਟਣ ਤੋਂ ਪੰਜ ਸਾਲ ਬਾਅਦ ਆਇਆ ਹੈ। ਨਿਤੀਸ਼ ਕੁਮਾਰ, ਜਿਨ੍ਹਾਂ ਨੂੰ ਵਾਰ-ਵਾਰ ਰੱਦ ਕੀਤਾ ਗਿਆ, ਦੀ ਵਿਚਾਰਧਾਰਕ ਉਲਝਣ ਲਈ ਆਲੋਚਨਾ ਕੀਤੀ ਗਈ। ‘ਪਲਟੂ ਰਾਮ’ ਵਜੋਂ ਉਨ੍ਹੰ ਦਾ ਮਜ਼ਾਕ ਉਡਾਇਆ ਗਿਆ। ਉਨ੍ਹਾਂ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਬਿਹਾਰ ਦੇ ਸਭ ਤੋਂ ਭਰੋਸੇਮੰਦ ਸਿਆਸੀ ਬ੍ਰਾਂਡ ਕਿਉਂ ਬਣੇ ਹੋਏ ਹਨ।
ਉਨ੍ਹਾਂ ਦੀ ਲਾਜ਼ਮੀ ਯੋਗਤਾ ਕੁਰਮੀ-ਕੋਰੀ ਵੋਟਰਾਂ ਦੀ ਵਫ਼ਾਦਾਰੀ, ਇਕ ਮਜ਼ਬੂਤ ਮਹਾਦਲਿਤ ਆਧਾਰ, ਅਤਿਅੰਤ ਪਛੜੇ ਵਰਗਾਂ ਦੀ ਕਾਫ਼ੀ ਹਮਾਇਤ ਤੇ ਸਭ ਤੋਂ ਅਹਿਮ ਔਰਤਾਂ ਦੀ ਹਮਾਇਤ ਤੋਂ ਪੈਦਾ ਹੁੰਦੀ ਹੈ। ਸੜਕ ਨਿਰਮਾਣ, ਪੇਂਡੂ ਬਿਜਲੀਕਰਨ, ਸਿੱਖਿਆ ਤੇ ਔਰਤਾਂ ਦੀ ਭਲਾਈ ’ਚ ਉਨ੍ਹਾਂ ਦਾ ਰਿਕਾਰਡ ਅਜੇ ਵੀ ਗੂੰਜਦਾ ਹੈ, ਖਾਸ ਕਰ ਕੇ ਪੇਂਡੂ ਬਿਹਾਰ ’ਚ।
ਨਿਤੀਸ਼ ਦੇ ਰਣਨੀਤਕ ਗੱਠਜੋੜ ਭਾਵ 2013 ’ਚ ਭਾਜਪਾ ਨਾਲੋਂ ਸਬੰਧ ਤੋੜਨੇ, 2015 ’ਚ ਰਾਜਦ -ਕਾਂਗਰਸ ਨਾਲ ਜੁੜਨਾ, ਰਾਜਗ ’ਚ ਵਾਪਸ ਆਉਣਾ ਤੇ ਫਿਰ ਦੁਬਾਰਾ ਪਾਲਾ ਬਦਲਣ ਨੇ ਉਨ੍ਹਾਂ ਨੂੰ ‘ਮਿਸਟਰ ਫਲਿੱਪ-ਫਲਾਪ’ ਦਾ ਉਪਨਾਮ ਦਿੱਤਾ ਹੈ।
ਹਾਲਾਂਕਿ ਉਨ੍ਹਾਂ ਹਰ ਵਾਰ ਸਮਝਦਾਰੀ ਨਾਲ ਪੱਖ ਬਦਲੇ , ਜਿਸ ਨਾਲ ਉਹ ਹਰ ਸਿਆਸੀ ਸਮੀਕਰਨ ਦੇ ਕੇਂਦਰ ’ਚ ਰਹੇ। ਹੁਣ ਆਪਣੀ ਉਮਰ ਦੇ 70 ਦੇ ਦਹਾਕੇ ’ਚ ਸੰਭਾਵਤ ਤੌਰ ’ਤੇ ਆਪਣੀ ਆਖਰੀ ਚੋਣ ਲੜ ਰਹੇ ਨਿਤੀਸ਼ ਕੁਮਾਰ ਅਜੇ ਵੀ ਕਿਸੇ ਵੀ ਹੋਰ ਨੇਤਾ ਨਾਲੋਂ ਬਿਹਾਰ ਦੇ ਭਵਿੱਖ ਨੂੰ ਵਧੀਆ ਆਕਾਰ ਦਿੰਦੇ ਹਨ। ਉਨ੍ਹਾਂ ਦੇ ਹਮਾਇਤੀ ਕਹਿੰਦੇ ਹਨ ਕਿ ਟਾਈਗਰ ਜ਼ਿੰਦਾ ਹੈ ਤੇ ਬਿਹਾਰ ਦੀ ਸਿਆਸਤ ਅਜੇ ਵੀ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦੀ ਹੈ।
