ਮੋਬਾਇਲ ਦੀ ਗਲਤ ਇੰਸ਼ੋਰੈਂਸ ਕਰਨ ''ਤੇ ਦੁਕਾਨਦਾਰ ਨੂੰ ਦੇਣਾ ਪਵੇਗਾ ਜੁਰਮਾਨਾ

Saturday, Jul 15, 2017 - 02:05 AM (IST)

ਧਨਬਾਦ-ਮੋਬਾਇਲ ਦੁਕਾਨਦਾਰ ਨੇ ਇਕ ਖਪਤਕਾਰ ਦੇ ਮੋਬਾਇਲ ਦੀ ਗਲਤ ਇੰਸ਼ੋਰੈਂਸ ਕਰ ਦਿੱਤੀ। ਇਸ ਦੇ ਲਈ ਖਪਤਕਾਰ ਫੋਰਮ ਨੇ ਦੁਕਾਨਦਾਰ ਨੂੰ ਜੁਰਮਾਨਾ ਅਤੇ ਮੋਬਾਇਲ ਦੀ ਕੀਮਤ ਦੇਣ ਦਾ ਹੁਕਮ ਦਿੱਤਾ। ਰਾਜਬਾੜੀ ਰੋਡ ਝਰੀਆ ਨਿਵਾਸੀ ਪ੍ਰਵੀਨ ਕੁਮਾਰ ਪ੍ਰਸਾਦ ਨੇ ਇਕ ਦੁਕਾਨ ਤੋਂ ਇਕ ਮੋਬਾਇਲ 9400 ਰੁਪਏ 'ਚ ਖਰੀਦਿਆ ਸੀ। ਉਸੇ ਵੇਲੇ ਉਸ ਨੇ 400 ਰੁਪਏ ਦੇ ਕੇ ਮੋਬਾਇਲ ਦੀ ਇੰਸ਼ੋਰੈਂਸ ਵੀ ਕਰਵਾਈ। ਉਸ ਨੂੰ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ 'ਤੇ ਮੋਬਾਇਲ ਬਦਲ ਦਿੱਤਾ ਜਾਵੇਗਾ। ਕੁੱਝ ਦਿਨਾਂ ਬਾਅਦ ਇਕ ਹਾਦਸੇ 'ਚ ਮੋਬਾਇਲ ਨੁਕਸਾਨਿਆ ਗਿਆ। ਉਸ ਨੇ ਇੰਸ਼ੋਰੈਂਸ ਕਲੇਮ ਕੀਤਾ ਤਾਂ ਕੰਪਨੀ ਨੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ। ਕੰਪਨੀ ਨੇ ਦੱਸਿਆ ਕਿ ਉਸ ਦੀ ਪਾਲਿਸੀ ਅਤੇ ਮੋਬਾਇਲ ਦਾ ਆਈ. ਐੱਮ. ਈ. ਆਈ. ਨੰਬਰ ਵੱਖ-ਵੱਖ ਹਨ । ਬਾਅਦ 'ਚ ਪਤਾ ਲੱਗਾ ਕਿ ਦੁਕਾਨਦਾਰ ਨੇ ਉਸਦੀ ਪਾਲਿਸੀ 'ਤੇ ਕਿਸੇ ਹੋਰ ਦਾ ਆਈ. ਐੱਮ. ਈ. ਆਈ. ਨੰਬਰ ਚੜ੍ਹਾ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਫੋਰਮ 'ਚ ਸ਼ਿਕਾਇਤ ਦਰਜ ਕੀਤੀ। ਫੋਰਮ ਨੇ ਆਪਣਾ ਫੈਸਲਾ ਸ਼ਿਕਾਇਤਕਰਤਾ ਦੇ ਪੱਖ ਸੁਣਾਉਂਦਿਆਂ ਦੁਕਾਨਦਾਰ ਨੂੰ ਕਿਹਾ ਕਿ ਉਹ ਮੋਬਾਇਲ ਦੀ ਕੀਮਤ 9400 ਰੁਪਏ ਦਾ ਭੁਗਤਾਨ ਕਰੇ ਜਾਂ ਫਿਰ ਮੋਬਾਇਲ ਬਦਲ ਦੇਵੇ। ਫੋਰਮ ਨੇ ਉਸ ਨੂੰ ਖਪਤਕਾਰ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਅਤੇ ਅਦਾਲਤੀ ਖਰਚੇ ਲਈ 1000 ਰੁਪਏ ਦਾ ਭੁਗਤਾਨ ਕਰਨ ਲਈ ਵੀ ਕਿਹਾ।


Related News